ਨੌਜਵਾਨ ਦੇ ਪਖ਼ਾਨੇ ਵਾਲੇ ਜਗ੍ਹਾ ’ਤੇ ਲਗਾ ਦਿੱਤੀ ਪ੍ਰੈਸ਼ਰ ਮਸ਼ੀਨ, ਹਾਲਤ ਗੰਭੀਰ

ਤਰਨਤਾਰਨ : ਤਰਨਤਾਰਨ ਜ਼ਲ੍ਹੇ ਦੇ ਕਸਬਾ ਗੋਹਲਵੜ ਵਿਖੇ ਇਕ ਫੈਕਟਰੀ ’ਚ ਕੰਮ ਕਰਦੇ ਨੌਜਵਾਨ ਨਾਲ ਕਥਿਤ ਤੌਰ ’ਤੇ ਸ਼ਰਾਰਤ ਕਰਦਿਆਂ ਉਸਦੇ ਸਹਿ ਕਰਮਚਾਰੀ ਨੇ ਪਖਾਨੇ ਵਾਲੀ ਜਗ੍ਹਾ ’ਤੇ ਪ੍ਰੈਸ਼ਰ ਮਸ਼ੀਨ ਲਗਾ ਦਿੱਤੀ ਜਿਸ ਕਾਰਨ ਉਕਤ ਨੌਜਵਾਨ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਪੀੜਤ ਨੌਜਵਾਨ ਦੇ ਬਿਆਨ ਕਲਮਬੰਦ ਕਰ ਕੇ ਦੂਸਰੇ ਕਰਮਚਾਰੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

21 ਸਾਲਾ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੋਹਲਵੜ ਸਥਿਤ ਫੈਕਟਰੀ ’ਚ ਕੰਬਲਾਂ ਉੱਪਰ ਪ੍ਰਿੰਟਿਗ ਸ਼ੈਸ਼ਨ ਦਾ ਕੰਮ ਪਛਲੇ 6 ਸਾਲਾਂ ਤੋਂ ਦਿਹਾੜੀ ’ਤੇ ਕਰਦਾ ਆ ਰਿਹਾ ਹੈ। 20 ਅਗਸਤ ਨੂੰ ਸ਼ਾਮ ਕਰੀਬ ਸਾਢੇ 5 ਵਜੇ ਡਿਊਟੀ ਖਤਮ ਹੋਣ ਉਪਰੰਤ ਉਸਦੇ ਕੱਪੜਿਆਂ ਤੋਂ ਪ੍ਰੈਸ਼ਰ ਵਾਲੀ ਮਸ਼ੀਨ ਨਾਲ ਰੂੰ ਸਾਫ ਕਰਦਿਆਂ ਮਸ਼ੀਨ ਦਾ ਮੂੰਹ ਉਸਦੇ ਪਖਾਨੇ ਵਾਲੀ ਜਗ੍ਹਾ ਦੇ ਅੰਦਰ ਪਾ ਦਿੱਤਾ ਜਿਸ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਉਸ ਨੂੰ ਉਲਟੀਆਂ ਆਉਣ ਲੱਗ ਪਈਆਂ। ਹਾਲਤ ਵਿਗੜਦੀ ਵੇਖ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।

ਦੂਜੇ ਪਾਸੇ ਜਾਂਚ ਅਧਿਕਾਰੀ ਏਐੱਸ ਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਜੇਰੇ ਇਲਾਜ ਨੌਜਵਾਨ ਵੱਲੋਂ ਹੁਣ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਜਸਕਰਨ ਸਿੰਘ ਨਾਮਕ ਨੌਜਵਾਨ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਸਦੀ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।