ਐਬਟਸਫੋਰਡ ਵਾਸੀ 26 ਸਾਲਾ ਬਲਕਰਨਵੀਰ ਸਿੰਘ ਖਹਿਰਾ ਦਾ ਦਰਦਨਾਕ ਵਿਛੋੜਾ

ਐਬਟਸਫੋਰਡ ਵਾਸੀ 26 ਸਾਲਾ ਬਲਕਰਨਵੀਰ ਸਿੰਘ ਖਹਿਰਾ ਦਾ ਦਰਦਨਾਕ ਵਿਛੋੜਾ

 

—————————

ਗੁਰਬਾਣੀ ਦਾ ਇਹ ਫੁਰਮਾਨ ਸੌ ਫੀਸਦੀ ਸੱਤਿ ਹੈ : ਜੰਮਣੁ ਮਰਨਾ ਹੁਕਮੁ ਹੈ ਭਾਣੈ ਆਵੈ ਜਾਇ।। ਮਨੁੱਖ ਦਾ ਜਨਮ ਅਤੇ ਮੌਤ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੁੰਦਾ ਹੈ। ਉਸਦਾ ਭੇਜਿਆ ਮਨੁੱਖ ਆਉਂਦਾ ਹੈ ਤੇ ਉਸਦੀ ਰਜ਼ਾ ‘ਚ ਸਮਾ ਜਾਂਦਾ ਹੈ, ਪਰ ਜਦੋਂ ਕਦੇ ਬੇਵਕਤ ਦਰਦਨਾਕ ਵਿਛੋੜਾ ਹੋਵੇ, ਤਾਂ ਉਹ ਲਫਜ਼ਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਦੁਖਾਂਤ ਐਬਟਸਫੋਰਡ ਦੇ ਪਿਆਰੇ ਮਿੱਤਰ ਤੇ ਗੁਰਮੁਖ ਸ਼ਖਸੀਅਤ ਭਾਈ ਬਲਵੀਰ ਸਿੰਘ ਖਹਿਰਾ ਦੇ ਪਰਿਵਾਰ ਨਾਲ ਉਸ ਵੇਲੇ ਵਾਪਰਿਆ, ਜਦੋਂ 17 ਅਗਸਤ ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ, ਐਬਟਸਫੋਰਡ ਦੇ ਰੌਟਰੀ ਸਟੇਡੀਅਮ ਦੇ ਸਾਹਮਣੇ ਇੱਕ ਭਿਆਨਕ ਹਾਦਸੇ ਵਿੱਚ ਗੱਭਰੂ ਪੁੱਤ 26 ਸਾਲਾ ਬਲਕਰਨ ਵੀਰ ਸਿੰਘ ਦੀ ਦਰਦਨਾਕ ਮੌਤ ਹੋ ਗਈ। ਸਿੱਖ ਨੌਜਵਾਨ ਪਹਿਲਾਂ ਖਾਲਸਾ ਸਕੂਲ ਸਰੀ ਦਾ ਗਰੈਜੂਏਟ ਸੀ ਅਤੇ ਉਸ ਤੋਂ ਬਾਅਦ ਫਿਜਓਥੋਰਪੀ ਵਿੱਚ ਹਾਲ ਹੀ ਵਿੱਚ ਡਿਗਰੀ ਹਾਸਲ ਕੀਤੀ , ਜੋ ਕਿ ਉਸ ਦੇ ਵਿਛੋੜੇ ਤੋਂ ਕੁਝ ਦਿਨਾਂ ਬਾਅਦ ਪਰਿਵਾਰ ਕੋਲ ਪਹੁੰਚੀ।

26 ਸਾਲਾ ਬਲਕਰਨ ਵੀਰ ਸਿੰਘ ਦੀ ਹਾਦਸੇ ਵਿੱਚ ਮੌਤ ਨੇ ਭਾਈਚਾਰੇ ਨੂੰ ਗਹਿਰੇ ਸਦਮੇ ਚ ਪਾ ਦਿੱਤਾ ਹੈ। ਜਾਣਕਾਰੀ ਅਨੁਸਾਰ ਜਦੋਂ ਬਲਕਰਨ ਵੀਰ ਸਿੰਘ ਬਾਈਕ ਡਰਾਈਵ ਕਰ ਰਿਹਾ ਸੀ, ਤਾਂ ਹੈਲਮਟ ਵੀ ਪਹਿਨਿਆ ਹੋਇਆ ਸੀ ਅਤੇ ਸਹੀ ਰਫਤਾਰ ‘ਤੇ ਜਾ ਰਿਹਾ ਸੀ, ਤਾਂ ਉਸ ਦਾ ਮੋਟਰਸਾਈਕਲ ਖੰਭੇ ਨਾਲ ਟਕਰਾ ਗਿਆ ਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਇਹ ਹਾਦਸਾ ਕਿਵੇਂ ਵਾਪਰਿਆ? ਇਹ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ। ਜੇਕਰ ਕਿਸੇ ਹਮਦਰਦ ਕੋਲ ਉਸ ਸਮੇਂ ਦੀ ਵੀਡੀਓ ਹੋਵੇ, ਤਾਂ ਉਹ ਜ਼ਰੂਰ ਪਰਿਵਾਰ ਜਾਂ ਪੁਲਿਸ ਨੂੰ ਮੁਹਈਆ ਕਰੇ। ਮਾਪਿਆਂ ਦੇ ਅੰਦਰ ਤਾਂ ਇਸ ਅਕਹਿ ਅਤੇ ਅਸਹਿ ਸਦਮੇ ਦਾ ਅਥਾਹ ਦੁੱਖ ਹੈ ਹੀ, ਸਮੁੱਚੀ ਕਮਿਊਨਿਟੀ ਨੂੰ ਵੀ ਇਸ ਘਟਨਾ ਨੇ ਝੰਜੋੜ ਦਿੱਤਾ ਹੈ।

ਬੇਹਦ ਚੇਤਨ ਅਤੇ ਸੁਲਝਿਆ ਨੌਜਵਾਨ ਬਲਕਰਨ ਵੀਰ ਸਿੰਘ ਤਿੰਨੇ ਭਰਾਵਾਂ ‘ਚ ਸਭ ਤੋਂ ਵੱਡਾ ਸੀ। ਭਾਈ ਬਲਬੀਰ ਸਿੰਘ ਖਹਿਰਾ ਦਾ ਪਰਿਵਾਰ ਪਿੰਡ ਮਾਂਗੇਵਾਲ ਜ਼ਿਲ੍ਾ ਬਰਨਾਲੇ ਤੋਂ ਕੈਨੇਡਾ ਆ ਕੇ ਪਹਿਲਾਂ ਸਰੀ ਤੇ ਅੱਜ ਕੱਲ ਐਬਟਸਫੋਰਡ ਰਹਿ ਰਿਹਾ ਹੈ। ਇਹ ਪਰਿਵਾਰ ਹਮੇਸ਼ਾ ਅਗਾਂਹ ਵਧੂ ਅਤੇ ਸਿੱਖੀ ਭਾਵਨਾ ਨੂੰ ਸਮਰਪਿਤ ਰਿਹਾ ਹੈ। ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਪਹਿਲੀ ਸਤੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਨੌਜਵਾਨ ਬਲਕਰਨਵੀਰ ਸਿੰਘ ਦੇ ਨਮਿੱਤ ਸਹਿਜ ਪਾਠ ਦੇ ਭੋਗ ਪਾਏ ਜਾਣਗੇ।

ਪਹਿਲੀ ਸਤੰਬਰ ਐਤਵਾਰ ਨੂੰ ਦਿਨੇ ਸਵੇਰੇ 1:30 ਵਜੇ ਐਬਟਸਫੋਰਡ ਸਥਿਤ ਰਿਵਰ ਸਾਈਡ ਸ਼ਮਸ਼ਾਨ ਘਾਟ ਵਿਖੇ ਪਿਆਰੇ ਬੱਚੇ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਜਾਵੇਗੀ। ਸ. ਬਲਬੀਰ ਸਿੰਘ ਖਹਿਰਾ ਅਤੇ ਚਾਚਾ ਜੀ ਸ. ਹਰਜਿੰਦਰ ਸਿੰਘ ਖਹਿਰਾ ਅਤੇ ਸਮੂਹ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਨਿੱਜੀ ਡੂੰਘੀ ਹਮਦਰਦੀ ਦਾ ਇਜ਼ਹਾਰ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਚਰਨਾਂ ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!

(ਡਾ. ਗੁਰਵਿੰਦਰ ਸਿੰਘ)

Canada