ਜਲੰਧਰ ਐੱਸਟੀਐੱਫ ਨੇ ਹੈਰੋਇਨ ਸਮੇਤ ਐਕਟਿਵਾ ਸਵਾਰ ਅੰਮ੍ਰਿਤਸਰ ‘ਚ ਕੀਤਾ ਕਾਬੂ,

ਅੰਮ੍ਰਿਤਸਰ: ਜਲੰਧਰ ਐਸਟੀਐੱਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਛੇਹਰਟਾ ਦੇ ਚੌਂਕ ਵਿੱਚ ਨਾਕਾਬੰਦੀ ਦੈਰਾਨ ਇੱਕ ਐਕਟਿਵਾ ਸਵਾਰ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਕਿਲੋ 22 ਗ੍ਰਾਮ ਹੈਰੋਇਨ ਕਾਬੂ ਕੀਤੀ ਗਈ। ਐੱਸ.ਟੀ.ਐੱਫ ਅਧਿਕਾਰੀਆਂ ਮੁਤਾਬਿਕ ਫੜਿਆ ਗਿਆ ਤਸਕਰ ਅੰਮ੍ਰਿਤਸਰ ਦਾ ਹੀ ਵਸਨੀਕ ਹੈ । ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਪੁਲਿਸ ਦਾ ਨਾਕਾਬੰਦੀ ਨੂੰ ਵੇਖ ਕੇ ਇਸ ਮੁਲਜ਼ਮ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਮੌਕੇ ਉੱਤੇ ਹੀ ਦਬੋਚ ਲਿਆ ਗਿਆ। ਪੁਲਿਸ ਅਧਿਕਾਰੀ ਮੁਤਾਬਿਕ ਮੁਲਜ਼ਮ ਕੋਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਕਤ ਮੁਲਜ਼ਮ ਇਹ ਹੈਰੋਇਨ ਕਿੱਥੇ ਵੇਚਣ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਐੱਸਟੀਐੱਫ ਅਧਿਕਾਰੀ ਮੁਤਾਬਿਕ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਪਾਕਿਸਤਾਨੀ ਸਮਗਲਰਾਂ ਨਾਲ ਵੀ ਸੰਬੰਧ ਹਨ ਜਾਂ ਨਹੀਂ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਨਸ਼ਾ ਤਸਕਰ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਇੱਕ ਮਾਮਲਾ ਗੁਰਦਾਸਪੁਰ ਵਿੱਚ ਅਤੇ ਇੱਕ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਵਿੱਚ ਦਰਜ ਹੈ। ਉਹਨਾਂ ਕਿਹਾ ਕਿ ਇਹ ਪਿਛਲੇ ਤਿੰਨ ਚਾਰ ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ । ਪਹਿਲਾਂ ਇਹ ਮੁਲਜ਼ਮ 10 -20- 30- 50 ਗ੍ਰਾਮ ਹੀਰੋਇਨ ਵੇਚਦਾ ਸੀ ਅਤੇ ਦੋ ਤਿੰਨ ਮਹੀਨੇ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਹੈਰੋਇਨ ਦੀ ਇੰਨੀ ਵੱਡੀ ਖੇਪ ਕਿੱਥੋਂ ਲੈਕੇ ਆਉਂਦਾ ਸੀ ਇਹ ਵੀ ਪਤਾ ਲਗਾਇਆ ਜਾਵੇਗਾ ਤਾਂ ਕਿ ਨਸ਼ੇ ਦੇ ਇਸ ਪੂਰੇ ਨੈਟਵਰਕ ਨੂੰ ਨਸ਼ਟ ਕੀਤਾ ਜਾ ਸਕੇਗਾ।