ਬੈਡਮਿੰਟਨ: ਨਿਤੇਸ਼ ਨੇ ਪਹਿਲਾ ਸੋਨ ਤਗ਼ਮਾ ਜਿੱਤਿਆ

ਬੈਡਮਿੰਟਨ: ਨਿਤੇਸ਼ ਨੇ ਪਹਿਲਾ ਸੋਨ ਤਗ਼ਮਾ ਜਿੱਤਿਆ

ਪੈਰਿਸ – ਭਾਰਤ ਦੇ ਕੁਮਾਰ ਨਿਤੇਸ਼ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਐੱਸਐੱਲ3 ਬੈਡਮਿੰਟਨ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਦੇ ਡੈਨੀਅਲ ਬੈਥਲ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਪੈਰਾਲੰਪਿਕ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਤੁਲਸੀਮਤੀ ਅਤੇ ਮਨੀਸ਼ਾ ਰਾਮਦਾਸ ਨੇ ਮਹਿਲਾ ਸਿੰਗਲਜ਼ ਐੱਮਯੂ5 ਵਰਗ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਆਪਣੇ ਨਾਮ ਕੀਤੇ। ਹਰਿਆਣਾ ਦੇ 29 ਸਾਲਾ ਨਿਤੇਸ਼ ਨੇ ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਥਲ ਨੂੰ ਇਕ ਘੰਟੇ 20 ਮਿੰਟ ਤੱਕ ਚੱਲੇ ਮੈਚ ’ਚ 21-14, 18-21, 23-21 ਨਾਲ ਹਰਾਇਆ। ਨਿਤੇਸ਼ ਨੇ 2009 ਵਿੱਚ 15 ਸਾਲ ਦੀ ਉਮਰ ਵਿੱਚ ਵਿਸ਼ਾਖਾਪਟਨਮ ’ਚ ਰੇਲ ਹਾਦਸੇ ਵਿੱਚ ਖੱਬੀ ਲੱਤ ਗੁਆ ਦਿੱਤੀ ਸੀ ਪਰ ਉਸ ਨੇ ਸਦਮੇ ਤੋਂ ਉੱਭਰਦਿਆਂ ਪੈਰਾ ਬੈਡਮਿੰਟਨ ਨੂੰ ਅਪਣਾਇਆ। ਨਿਤੇਸ਼ ਦੀ ਜਿੱਤ ਨਾਲ ਭਾਰਤ ਨੇ ਐੱਸਐੱਲ3 ਵਰਗ ਵਿੱਚ ਸੋਨ ਤਗਮਾ ਬਰਕਰਾਰ ਰੱਖਿਆ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਪ੍ਰਮੋਦ ਭਗਤ ਨੇ ਇਸ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਭਾਰਤੀ ਪੈਰਾ ਅਥਲੀਟ ਪ੍ਰੀਤੀ ਪਾਲ ਨੇ ਮਹਿਲਾ 200 ਮੀਟਰ ਟੀ35 ਵਰਗ ਵਿੱਚ 30.01 ਸਕਿੰਟ ਦੇ ਨਿੱਜੀ ਸਰਬੋਤਮ ਸਮੇਂ ਦੇ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ, ਜੋ ਭਾਰਤ ਦਾ ਦੂਜਾ ਪੈਰਾ ਅਥਲੈਟਿਕ ਤਗ਼ਮਾ ਵੀ ਹੈ। ਇਸੇ ਤਰ੍ਹਾਂ ਨਿਸ਼ਾਦ ਕੁਮਾਰ ਨੇ ਪੁਰਸ਼ ਹਾਈ ਜੰਪ ਟੀ74 ਵਰਗ ਵਿੱਚ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

Featured India International Sports