ਪੂਜਾ ਖੇਡਕਰ ਦੇ ਦੋ ਅਪੰਗਤਾ ਸਰਟੀਫਿਕੇਟ ਵਿੱਚੋਂ ਸੰਭਵ ਤੌਰ ‘ਤੇ ਇੱਕ ਜਾਅਲੀ: ਦਿੱਲੀ ਪੁਲੀਸ

ਪੂਜਾ ਖੇਡਕਰ ਦੇ ਦੋ ਅਪੰਗਤਾ ਸਰਟੀਫਿਕੇਟ ਵਿੱਚੋਂ ਸੰਭਵ ਤੌਰ ‘ਤੇ ਇੱਕ ਜਾਅਲੀ: ਦਿੱਲੀ ਪੁਲੀਸ

ਨਵੀਂ ਦਿੱਲੀ – ਦਿੱਲੀ ਪੁਲੀਸ ਨੇ ਇਕ ਤਾਜ਼ਾ ਸਥਿਤੀ ਰਿਪੋਰਟ ਰਾਹੀਂ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਮੁਅੱਤਲ ਅੰਡਰਟਰੇਨੀ ਆਈਏਐੱਸ ਪੂਜਾ ਖੇਡਕਰ ਨੇ ਦੋ ਅਪੰਗਤਾ ਸਰਟੀਫਿਕੇਟ ਜਮ੍ਹਾਂ ਕਰਵਾਏ ਸਨ, ਜਿਨ੍ਹਾਂ ਵਿੱਚੋਂ ਇੱਕ ਜਾਅਲੀ ਹੋ ਸਕਦਾ ਹੈ। ਜਾਂਚ ਦੌਰਾਨ ਯੂਪੀਐੱਸਸੀ ਵੱਲੋਂ ਪ੍ਰਦਾਨ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ ’ਚ ਇਹ ਖੁਲਾਸਾ ਹੋਇਆ ਕਿ ਕਥਿਤ ਬਿਨੈਕਾਰ ਪੂਜਾ ਖੇਡਕਰ ਨੇ ਮੈਡੀਕਲ ਅਥਾਰਟੀ ਅਹਿਮਦਨਗਰ ਮਹਾਰਾਸ਼ਟਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਦੋ ਅਪੰਗਤਾ ਸਰਟੀਫਿਕੇਟ (ਮਲਟੀਪਲ ਡਿਸਏਬਿਲਟੀ) ਜਮ੍ਹਾਂ ਕੀਤੇ ਹਨ।

ਉਕਤ ਅਪੰਗਤਾ ਸਰਟੀਫਿਕੇਟ ਬਿਨੈਕਾਰ ਦੁਆਰਾ ਕ੍ਰਮਵਾਰ ਸਿਵਲ ਸੇਵਾਵਾਂ ਪ੍ਰੀਖਿਆਵਾਂ- 2022 ਅਤੇ 2023 ਦੌਰਾਨ ਜਮ੍ਹਾਂ ਕੀਤੇ ਗਏ ਸਨ। ਉਧਰ ਮੈਡੀਕਲ ਅਥਾਰਟੀ ਅਹਿਮਦਨਗਰ ਮਹਾਰਾਸ਼ਟਰ ਨੇ ਰਿਪੋਰਟ ਦਿੱਤੀ ਕਿ ਅਪੰਗਤਾ ਸਰਟੀਫਿਕੇਟ (ਮਲਟੀਪਲ ਡਿਸਏਬਿਲਟੀ) ਨੰਬਰ MH2610119900342407 ਸਾਡੇ ਸਿਵਲ ਸਰਜਨ ਦਫ਼ਤਰ ਦੇ ਰਿਕਾਰਡ ਅਨੁਸਾਰ ਜਾਰੀ ਨਹੀਂ ਕੀਤਾ ਗਿਆ ਹੈ, ਇਸ ਲਈ ਸਰਟੀਫਿਕੇਟ ਦੇ ਜਾਅਲੀ ਅਤੇ ਮਨਘੜਤ ਹੋਣ ਦੀ ਸੰਭਾਵਨਾ ਵਧੇਰੇ ਹੈ।

ਜ਼ਿਰਯੋਗ ਹੈ ਕਿ ਪਿਛਲੀ ਸੁਣਵਾਈ ਦੀ ਤਰੀਕ ’ਤੇ ਦਿੱਲੀ ਹਾਈ ਕੋਰਟ ਨੇ ਮੁਅੱਤਲ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਵਧਾ ਦਿੱਤੀ ਸੀ। ਹਾਈ ਕੋਰਟ ਨੇ ਪੁਲੀਸ ਨੂੰ ਨਿਰਦੇਸ਼ ਦਿੱਤਾ ਹੈ ਕਿ ਅਗਲੇਰੀ ਕਾਰਵਾਈ ਤੱਕ ਖੇਡਕਰ ਨੂੰ ਸ਼ੁੱਕਰਵਾਰ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਵੇ। ਯੂਪੀਐੱਸਸੀ ਨੇ ਪਹਿਲਾਂ ਦਲੀਲ ਦਿੱਤੀ ਸੀ ਕਿ ਪੂਜਾ ਖੇਡਕਰ ਇੱਕ “ਮਾਸਟਰਮਾਇੰਡ” ਹੈ ਅਤੇ ਉਸ ਦੀਆਂ ਕਾਰਵਾਈਆਂ ਦੂਜਿਆਂ ਦੀ ਸਹਾਇਤਾ ਤੋਂ ਬਿਨਾਂ ਸੰਭਵ ਨਹੀਂ ਸਨ। 

Featured India Political