ਹਿਮਾਚਲ ਦੇ ਤਿੰਨ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ

ਹਿਮਾਚਲ ਦੇ ਤਿੰਨ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਕਾਰਨ ਅੱਜ 47 ਸੜਕਾਂ ’ਤੇ ਆਵਾਜਾਈ ਬੰਦ ਕਰਨੀ ਪਈ। ਸਥਾਨਕ ਮੌਸਮ ਵਿਭਾਗ ਨੇ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਆਉਣ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਰਾਜ ਐਮਰਜੈਂਸੀ ਅਪਰੇਸ਼ਨ ਕੇਂਦਰ ਨੇ ਦੱਸਿਆ ਕਿ ਸੂਬੇ ਵਿੱਚ ਅੱਠ ਬਿਜਲੀ ਅਤੇ ਇੱਕ ਜਲ ਸਪਲਾਈ ਯੋਜਨਾ ਵੀ ਪ੍ਰਭਾਵਿਤ ਹੋਈ ਹੈ।

ਮੌਸਮ ਵਿਭਾਗ ਅਨੁਸਾਰ ਮਾਲਰੋਨ ਵਿੱਚ ਸਭ ਤੋਂ ਵੱਧ 64 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਮੰਡੀ ਵਿੱਚ 41.7 ਐੱਮਐੱਮ ਮੀਂਹ ਪਿਆ। ਇਸੇ ਤਰ੍ਹਾਂ ਪੰਡੋਹ ਵਿੱਚ 32.5 ਐੱਮਐੱਮ, ਬਰਥੀਨ ਵਿੱਚ 30.4 ਐੱਮਐੱਮ, ਅਗਹਾਰ ਵਿੱਚ 29.8, ਭਟਿਯਾਤ ਵਿੱਚ 28.4 ਐੱਮਐੱਮ, ਜੁਬਰਹੱਟੀ ਵਿੱਚ 26 ਐੱਮਐੱਮ ਅਤੇ ਭੁੰਤਰ ਵਿੱਚ 25.7 ਐੱਮਐੱਮ ਮੀਂਹ ਦਰਜ ਕੀਤਾ ਗਿਆ। ਸਥਾਨਕ ਮੌਸਮ ਵਿਭਾਗ ਨੇ ਐਤਵਾਰ ਤੱਕ ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਹੜ੍ਹ ਦਾ ਖ਼ਤਰਾ ਹੋਣ ਦੀ ਚਿਤਾਵਨੀ ਦਿੱਤੀ ਹੈ। ਕੇਂਦਰ ਨੇ ਦੱਸਿਆ ਕਿ ਕੁੱਲ 46 ਸੜਕਾਂ ’ਤੇ ਆਵਾਜਾਈ ਬੰਦ ਹੈ, ਜਿਨ੍ਹਾਂ ਵਿੱਚ ਮੰਡੀ ’ਚ 13, ਕਾਂਗੜਾ ਵਿੱਚ 11, ਸ਼ਿਮਲਾ ਅਤੇ ਕੁੱਲੂ ਵਿੱਚ ਨੌਂ-ਨੌਂ, ਊਨਾ ਵਿੱਚ ਦੋ ਅਤੇ ਕਿਨੌਰ, ਸਿਰਮੌਰ ਤੇ ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਸ਼ਾਮਲ ਹੈ। ਹਿਮਾਚਲ ਪ੍ਰਦੇਸ਼ ਵਿੱਚ 27 ਜੂਨ ਨੂੰ ਮੌਨਸੂਨ ਦੀ ਆਮਦ ਮਗਰੋਂ ਹੁਣ ਤੱਕ ਮੀਂਹ ਨਾਲ ਸਬੰਧਿਤ ਘਟਨਾਵਾਂ ਵਿੱਚ ਕੁੱਲ 157 ਜਣਿਆਂ ਦੀ ਮੌਤ ਹੋਈ ਹੈ ਅਤੇ ਸੂਬੇ ਨੂੰ 1,303 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। –

India