ਕੇਜਰੀਵਾਲ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਸੀ: ਸੀਬੀਆਈ

ਕੇਜਰੀਵਾਲ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਸੀ: ਸੀਬੀਆਈ

ਨਵੀਂ ਦਿੱਲੀ – ਦਿੱਲੀ ਆਬਕਾਰੀ ਨੀਤੀ ਦੇ ਮਾਮਲੇ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਸੀ। ਇਹ ਦਾਅਵਾ ਸੀਬੀਆਈ ਨੇ ਆਪਣੀ ਨਵੀਂ ਸਪਲੀਮੈਂਟਰੀ ਚਾਰਜਸ਼ੀਟ ’ਚ ਕੀਤਾ ਹੈ। ਮਾਮਲੇ ’ਚ ਪੰਜਵੀਂ ਅਤੇ ਆਖਰੀ ਚਾਰਜਸ਼ੀਟ ਦਾਖ਼ਲ ਕਰਦਿਆਂ ਸੀਬੀਆਈ ਨੇ ਦੋਸ਼ ਲਾਇਆ ਕਿ ਕੇਜਰੀਵਾਲ ਦਾ ਆਬਕਾਰੀ ਨੀਤੀ ਦੇ ਨਿੱਜੀਕਰਨ ਦਾ ਪਹਿਲਾਂ ਤੋਂ ਹੀ ਸੋਚਿਆ-ਸਮਝਿਆ ਇਰਾਦਾ ਸੀ, ਜਿਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆਉਣ ਮਗਰੋਂ ਰੱਦ ਕਰ ਦਿੱਤਾ ਗਿਆ ਸੀ। ਜਾਂਚ ਏਜੰਸੀ ਨੇ ਕਿਹਾ ਕਿ ਕੇਜਰੀਵਾਲ ਨੇ ਮਾਰਚ 2021 ’ਚ ਜਦੋਂ ਨੀਤੀ ਬਣਾਈ ਜਾ ਰਹੀ ਸੀ ਤਾਂ ‘ਆਪ’ ਦੀ ਮਾਲੀ ਸਹਾਇਤਾ ਲਈ ਪੈਸਿਆਂ ਦੀ ਮੰਗ ਕੀਤੀ ਸੀ। ਉਨ੍ਹਾਂ ਚਾਰਜਸ਼ੀਟ ’ਚ ਕਿਹਾ ਕਿ ਕੇਜਰੀਵਾਲ ਦੇ ਨੇੜਲੇ ਸਹਿਯੋਗੀ ਅਤੇ ਮੀਡੀਆ ਇੰਚਾਰਜ ਵਿਜੇ ਨਾਇਰ ਨੇ ਵੱਖ ਵੱਖ ਧਿਰਾਂ ਕੋਲ ਜਾ ਕੇ ਆਬਕਾਰੀ ਨੀਤੀ ਦੀ ਇਵਜ਼ ’ਚ ਗ਼ੈਰਕਾਨੂੰਨੀ ਢੰਗ ਨਾਲ ਰਕਮ ਦੀ ਮੰਗ ਕੀਤੀ ਸੀ। ‘ਆਪ’ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਕੇਜਰੀਵਾਲ ਨੂੰ ਸੀਬੀਆਈ ਨੇ 26 ਜੂਨ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਥੇ ਉਹ ਈਡੀ ਵੱਲੋਂ ਦਰਜ ਮਾਮਲੇ ’ਚ ਬੰਦ ਸੀ। ਸੀਬੀਆਈ ਦੀ ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਵੱਲੋਂ ਪਾਈ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਹਾਲੇ ਫ਼ੈਸਲਾ ਸੁਣਾਉਣਾ ਹੈ।

Featured India Political