ਕੇਂਦਰ ਵੱਲੋਂ ਪੂਜਾ ਖੇਡਕਰ ਦੀਆਂ ਸੇਵਾਵਾਂ ਖ਼ਤਮ

ਕੇਂਦਰ ਵੱਲੋਂ ਪੂਜਾ ਖੇਡਕਰ ਦੀਆਂ ਸੇਵਾਵਾਂ ਖ਼ਤਮ

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਮੁਅੱਤਲ ਪ੍ਰੋਬੇਸ਼ਨਰੀ ਅਫਸਰ ਪੂਜਾ ਖੇਡਕਰ ਦੀਆਂ ਸੇਵਾਵਾਂ ਤੁਰੰਤ ਖ਼ਤਮ ਕਰ ਦਿੱਤੀਆਂ ਹਨ। ਖੇਡਕਰ ’ਤੇ ਧੋਖਾਧੜੀ ਕਰਨ ਅਤੇ ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਚੋਣ ਯਕੀਨੀ ਬਣਾਉਣ ਲਈ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਅਤੇ ਅਪੰਗਤਾ ਕੋਟੇ ਦੇ ਲਾਭਾਂ ਦਾ ਗ਼ਲਤ ਲਾਹਾ ਲੈਣ ਦਾ ਦੋਸ਼ ਹੈ। ਹਾਲਾਂਕਿ, ਖੇਡਕਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 6 ਸਤੰਬਰ 2024 ਦੇ ਹੁਕਮਾਂ ਰਾਹੀਂ ਖੇਡਕਰ ਨੂੰ ਆਈਏਐੱਸ (ਪ੍ਰੋਬੇਸ਼ਨਰੀ) ਨਿਯਮ 1954 ਦੇ ਨਿਯਮ 12 ਤਹਿਤ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਤੋਂ ਤੁਰੰਤ ਲਾਂਭੇ ਕਰ ਦਿੱਤਾ ਹੈ। ਇਹ ਨਿਯਮ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਦਿੰਦੇ ਹਨ ਕਿ ਜੇ ਕੋਈ ਪ੍ਰੋਬੇਸ਼ਨਰ ਮੁੜ ਪ੍ਰੀਖਿਆ ਪਾਸ ਕਰਨ ਵਿੱਚ ਨਾਕਾਮ ਰਹਿੰਦਾ ਹੈ ਜਾਂ ਜੇ ਕੇਂਦਰ ਸਰਕਾਰ ਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਪ੍ਰੋਬੇਸ਼ਨਰ ਸੇਵਾ ਵਿੱਚ ਭਰਤੀ ਲਈ ਅਯੋਗ ਸੀ ਜਾਂ ਸੇਵਾ ਦਾ ਮੈਂਬਰ ਬਣਨ ਲਈ ਸਹੀ ਨਹੀਂ ਹੈ ਤਾਂ ਉਹ ਉਸਨੂੰ ਸੇਵਾ ਤੋਂ ਮੁਕਤ ਕਰ ਸਕਦੀ ਹੈ। ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੇ 31 ਜੁਲਾਈ ਨੂੰ ਖੇਡਕਰ ਦੀ ਸਿਵਲ ਸੇਵਾਵਾਂ ਪ੍ਰੀਖਿਆ-2022 ਲਈ ਉਸਦੀ ਅਸਥਾਈ ਉਮੀਦਵਾਰੀ ਨੂੰ ਰੱਦ ਕਰ ਦਿੱਤਾ ਸੀ ਅਤੇ ਖੇਡਕਰ ’ਤੇ ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਯੂਪੀਐੱਸਸੀ ਪ੍ਰੀਖਿਆਵਾਂ/ ਚੋਣ ਤੋਂ ਸਥਾਈ ਤੌਰ ’ਤੇ ਰੋਕ ਲਾ ਦਿੱਤੀ ਸੀ।

India