ਕਿਨੌਰ ਹਾਦਸਾ: ਦੋ ਹੋਰ ਲਾਸ਼ਾਂ ਬਰਾਮਦ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋਈ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਲੰਘੇ ਦਿਨੀਂ ਬੱਸ ਤੇ ਹੋਰਨਾਂ ਵਾਹਨਾਂ ਦੇ ਢਿੱਗਾਂ ਦੀ ਲਪੇਟ ਵਿੱਚ ਆਉਣ ਕਰਕੇ ਵਾਪਰੇ ਹਾਦਸੇ ਵਿੱਚ ਅੱਜ ਸਵੇਰੇ ਮਲਬੇ ਹੇਠੋਂ ਦੋ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਹੋਏ ਇਸ ਹਾਦਸੇ ਵਿੱਚ ਲਾਪਤਾ ਲੋਕਾਂ ਦੀ ਭਾਲ ਤੇ ਰਾਹਤ ਕਾਰਜ ਜਾਰੀ ਹਨ। ਸੂਬਾਈ ਆਫ਼ਤ ਪ੍ਰਬੰਧਨ ਬਲ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਭਾਵਨਗਰ ਦੇ ਐੱਸਐੱਚਓ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੌਮੀ ਸ਼ਾਹਰਾਹ ਨੰਬਰ 5 ’ਤੇ ਪੈਂਦੇ ਪਿੰਡ ਚੌਰਾ ਨਜ਼ਦੀਕ ਮਲਬੇ ’ਚੋਂ ਦੋ ਲਾਸ਼ਾਂ ਹੋਰ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਮਲਬੇ ਹੇਠ ਦੱਬੀ ਐੱਸਯੂਵੀ ਤੇ ਇਸ ਵਿੱਚ ਸਵਾਰ ਮੁਸਾਫ਼ਰਾਂ ਦੀ ਭਾਲ ਜਾਰੀ ਹੈ ਤੇ ਅਜਿਹੀ ਸੰਭਾਵਨਾ ਹੈ ਕਿ ਵਾਹਨ ਮਲਬੇ ਦੇ ਨਾਲ ਹੇਠਾਂ ਰਿੜ ਗਿਆ ਹੈ।