ਪੈਟਰੋਲ-ਡੀਜ਼ਲ ਅਤੇ ਬਿਜਲੀ ਤੋਂ ਬਾਅਦ ਹੁਣ ਬੱਸਾਂ ਦਾ ਵਧਿਆ ਕਿਰਾਇਆ

ਪੈਟਰੋਲ-ਡੀਜ਼ਲ ਅਤੇ ਬਿਜਲੀ ਤੋਂ ਬਾਅਦ ਹੁਣ ਬੱਸਾਂ ਦਾ ਵਧਿਆ ਕਿਰਾਇਆ

ਚੰਡੀਗੜ੍ਹ: ਆਮ ਅਦਮੀ ਪਾਰਟੀ ਦੀ ਸਰਕਾਰ ਹੁਣ ਆਮ ਆਦਮੀ ਨੂੰ ਝਟਕੇ ‘ਤੇ ਝਟਕਾ ਦੇਣ ‘ਚ ਲੱਗੀ ਹੋਈ ਹੈ। ਹਾਲੇ ਤਾਂ ਲੋਕਾਂ ਨੂੰ ਪੈਟਰੋਲ-ਡੀਜ਼ਲ ਅਤੇ ਬਿਜਲੀ ਦਾ ਝਟਕਾ ਹੀ ਰਾਸ ਨਹੀਂ ਆਇਆ ਸੀ ਕਿ ਹੁਣ ਬੱਸਾਂ ਦੇ ਕਿਰਾਏ ‘ਚ ਵਾਧਾ ਕਰਕੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ। ਸਧਾਰਨ ਬੱਸ ਦਾ ਕਿਰਾਇਆ 23 ਪੈਸੇ ਵਧਾ ਕੇ ਇਕ ਰੁਪਿਆ 45 ਪੈਸੇ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਸਧਾਰਨ ਐਚਵੀ ਏਸੀ ਬੱਸ ਦਾ ਕਿਰਾਇਆ 27.80 ਪੈਸੇ ਵਧਾ ਕੇ 1 ਰੁਪਏ 74 ਪੈਸੇ ਪ੍ਰਤੀ ਕੀਤਾ ਗਿਆ ਹੈ।

ਇੰਟੈਗਰਲ ਕੋਚ ਦਾ ਕਿਰਾਇਆ 41.4 ਪੈਸੇ ਵਧਾ ਕੇ ਦੋ ਰੁਪਏ 61 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਜਦਕਿ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 46 ਪੈਸੇ ਵਧਾ ਕੇ ਦੋ ਰੁਪਏ 90 ਪੈਸੇ ਪ੍ਰਤੀ ਕਿਲੋਮੀਟਰ ਕੀਤਾ ਗਿਆ ਹੈ। ਛੋਟੇ ਆਪ੍ਰੇਟਰ ਨੂੰ ਲੰਮੇ ਸਮੇਂ ਤੋਂ ਵੱਡਾ ਨੁਕਸਾਨ ਹੋ ਰਿਹਾ ਸੀ। ਪਿਛਲੇ ਲੰਮੇ ਸਮੇਂ ਤੋਂ ਕਿਰਾਇਆ ਨਹੀਂ ਵਧਾਇਆ ਗਿਆ ਸੀ। ਡੀਜ਼ਲ ਦੇ ਵੱਧ ਰਹੇ ਲਗਾਤਾਰ ਰੇਟਾਂ ਤੋਂ ਬਾਅਦ ਫੈਸਲਾ ਲਿਆ ਗਿਆ। ਬੱਸ ਆਪ੍ਰੇਟਰਾਂ ਨੂੰ ਘਾਟੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ।

ਦਰਅਸਲ ਕੈਬਨਿਟ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਪੰਜਾਬ ‘ਚ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਗਿਆ ਹੈ। ਰਾਜ ਮੰਤਰੀ ਮੰਡਲ ਨੇ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਕ੍ਰਮਵਾਰ 61 ਪੈਸੇ ਅਤੇ 92 ਪੈਸੇ ਪ੍ਰਤੀ ਲੀਟਰ ਵਧਾਉਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ। ਇਸ ਸਮੇਂ ਮੁਹਾਲੀ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 97.01 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 87.21 ਰੁਪਏ ਪ੍ਰਤੀ ਲੀਟਰ ਸੀ। ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪਹਿਲਾਂ ਹੀ ਚੰਡੀਗੜ੍ਹ ਨਾਲੋਂ ਵੱਧ ਹੈ। ਹੁਣ ਵੈਟ ਵਧਣ ਤੋਂ ਬਾਅਦ ਪੈਟਰੋਲ 97.62 ਰੁਪਏ ਅਤੇ ਡੀਜ਼ਲ 88.13 ਰੁਪਏ ਮਹਿੰਗਾ ਹੋ ਗਿਆ। ਸਬਸਿਡੀਆਂ ਅਤੇ ਕਰਜ਼ੇ ਦੇ ਬੋਝ ਕਾਰਨ ਖ਼ਜਾਨੇ ਦੀ ਪਤਲੀ ਹੋਈ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਆਰਥਿਕ ਵਸੀਲੇ ਜਟਾਉਣੇ ਸ਼ੁਰੂ ਕਰ ਦਿੱਤੇ ਹਨ। ਮੌਨਸੂਨ ਸੈਸ਼ਨ ਖ਼ਤਮ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਸੂਬੇ ਵਿਚ ਚੁੱਪ ਚੁਪੀਤੇ ਬੱਸ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਹੁਣ ਵੇਖਣਾ ਹੋਵੇਗਾ ਕਿ ਬੱਸਾਂ ਦੇ ਵਧੇ ਹੋਏ ਕਿਰਾਏ ਨੂੰ ਲੈ ਕੇ ਲੋਕਾਂ ਦਾ ਕੀ ਪ੍ਰਤੀਕਰਮ ਦੇਣਗੇ ਅਤੇ ਸਰਕਾਰ ਦੇ ਇਸ ਫੈਸਲੇ ਬਾਰੇ ਕੀ ਵਿਚਾਰ ਰੱਖਣਗੇ।

Featured Punjab