ਕੋਲਕਾਤਾ ਦੀ ਮਹਿਲਾ ਡਾਕਟਰ ਦਾ ਖੋਜ ਪੱਤਰ ਦੂਜੇ ਵਿਦਿਆਰਥੀ ਨੂੰ ਦੇਣ ਲਈ ਕੀਤਾ ਗਿਆ ਸੀ ਮਜਬੂਰ

ਕੋਲਕਾਤਾ ਦੀ ਮਹਿਲਾ ਡਾਕਟਰ ਦਾ ਖੋਜ ਪੱਤਰ ਦੂਜੇ ਵਿਦਿਆਰਥੀ ਨੂੰ ਦੇਣ ਲਈ ਕੀਤਾ ਗਿਆ ਸੀ ਮਜਬੂਰ

ਕੋਲਕਾਤਾ : ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ(RG Kar Medical College) ਤੇ ਹਸਪਤਾਲ ਦੀ ਮਹਿਲਾ ਡਾਕਟਰ ਦਾ ਖੋਜ ਪੱਤਰ ਦੂਜੇ ਵਿਦਿਆਰਥੀ ਨੂੰ ਦੇਣ ਲਈ ਮਜਬੂਰ ਕੀਤਾ ਗਿਆ ਸੀ। ਮ੍ਰਿਤਕਾ ਦੇ ਮਾਪਿਆਂ ਨੇ ਇਹ ਦੋਸ਼ ਲਾਉਂਦੇ ਹੋਏ ਸੀਬੀਆਈ(CBI) ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ, ਇਹ ਮਾਮਲਾ ਵੀ ਜਾਂਚ ਦੇ ਵਿਸ਼ਿਆਂ ’ਚੋਂ ਇਕ ਬਣ ਗਿਆ ਹੈ। ਇਸ ਸਿਲਸਿਲੇ ’ਚ ਜਾਂਚ ਅਧਿਕਾਰੀਆਂ ਨੇ ਪੀੜਤਾ ਦੇ ਮਾਪਿਆਂ ਨਾਲ ਉਸਦੇ ਕਰੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ।

ਫੇਫੜਿਆਂ ਦੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ਾਂ ’ਤੇ ਪੀੜਤਾ ਦੇ ਖੋਜ ਪੱਤਰ ਨੂੰ ਹਸਪਤਾਲ ਦੇ ਅੰਦਰੂਨੀ ਵਿਵਹਾਰ ਕਮੇਟੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਸਿਹਤ ਯੂਨੀਵਰਸਿਟੀ ਨਾਲ ਇਸ ਖੋਜ ਪੱਤਰ ’ਤੇ ਅੱਗੇ ਦਾ ਕੰਮ ਵਧਾਉਣ ਦੀ ਇਜਾਜ਼ਤ ਵੀ ਮਿਲ ਗਈ ਸੀ ਪਰ ਅਚਾਨਕ ਵਿਜ਼ੀਟਿੰਗ ਪ੍ਰੋਫੈਸਰ ਨੇ ਪੀੜਤਾ ਨੂੰ ਉਸ ਦੇ ਖੋਜ ਪੱਤਰ ਨੂੰ ਦੂਜੇ ਵਿਦਿਆਰਥੀ ਨੂੰ ਦੇਣ ਲਈ ਕਿਹਾ ਤੇ ਪੀੜਤਾ ਨੂੰ ਦੂਜਾ ਖੋਜ ਪੱਤਰ ਤਿਆਰ ਕਰਨ ਦੀ ਗੱਲ ਕਹੀ। ਦੱਸ ਦੇਈਏ ਕਿ ਮਾਹਿਰ ਡਾਕਟਰ ਬਣਨ ਲਈ ਖੋਜ ਪੱਤਰ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਪੀੜਤਾ ਕਾਫੀ ਨਿਰਾਸ਼ ਹੋ ਗਈ ਸੀ। ਜਾਂਚ ਏਜੰਸੀ ਇਸ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਜਾਂਚ ਕਰ ਰਹੀ ਹੈ।

ਬੰਗਾਲ ਦੇ ਮੈਡੀਕਲ ਕਾਲਜਾਂ ਨੂੰ ਲੈ ਕੇ ਸਨਸਨੀਖੇਜ਼ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਪਤਾ ਲੱਗਾ ਹੈ ਕਿ ਵੱਖ-ਵੱਖ ਮੈਡੀਕਲ ਕਾਲਜਾਂ ਵਿਚ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਨ ਪੱਤਰ ਲੀਕ ਕਰਨ ਦੀ ਖੇਡ ਚੱਲ ਰਹੀ ਸੀ। ਕਈ ਮੈਡੀਕਲ ਕਾਲਜਾਂ ਦੇ ਅਧਿਐਨ ਤੇ ਡੀਨ ਨੇ ਸ਼ਿਕਾਇਤ ਕੀਤੀ ਹੈ ਕਿ ਸਿਹਤ ਵਿਭਾਗ ਨੂੰ ਸ਼ਿਕਾਇਤ ਕਰਨ ’ਤੇ ਕੋਈ ਸੁਣਵਾਈ ਨਹੀਂ ਹੁੰਦੀ ਸੀ, ਉਲਟਾ ਧਮਕੀਆਂ ਮਿਲਦੀਆਂ ਸਨ। ਦੱਖਣੀ ਬੰਗਾਲ ਦੇ ਇਕ ਮੈਡੀਕਲ ਕਾਲਜ ਦੇ ਚੇਅਰਮੈਨ ਨੇ ਦੱਸਿਆ ਕਿ ਐੱਮਬੀਬੀਐੱਸ ਦੀ ਫਾਈਨਲ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕੀਤੇ ਜਾਣ ਦੀ ਸ਼ਿਕਾਇਤ ਕਰਨ ’ਤੇ ਉਨ੍ਹਾਂ ਦੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਪ੍ਰੀਖਿਆ ਵਿਚ ਨਕਲ ਰੋਕਣ ਦੀ ਕੋਸ਼ਿਸ਼ ਕਰਨ ’ਤੇ ਇਕ ਮੈਡੀਕਲ ਕਾਲਜ ਦੇ ਡੀਨ ਨੂੰ ਕਿਹਾ ਗਿਆ, ‘ਤੁਸੀਂ ਤਾਂ ਇਕੱਲੇ ਰਹਿੰਦੇ ਹੋ। ਰਾਤ ਸਮੇਂ ਕੁਝ ਹੋ ਜਾਣ ’ਤੇ ਤੁਹਾਨੂੰ ਕੌਣ ਬਚਾਏਗਾ? ਪਰੇਸ਼ਾਨੀ ਵਿਚ ਨਾ ਪਓ।’ ਇਸ ਸਬੰਧ ’ਚ ਬੰਗਾਲ ਦੇ ਸਿਹਤ ਸਕੱਤਰ ਨਾਰਾਇਣ ਸਵਰੂਪ ਨਿਗਮ ਨੇ ਕਿਹਾ ਕਿ ਪ੍ਰੀਖਿਆ ਸਬੰਧਤ ਸਾਰਾ ਮਾਮਲਾ ਸਿਹਤ ਯੂਨੀਵਰਸਿਟੀ ਦੇ ਘੇਰੇ ’ਚ ਆਉਂਦਾ ਹੈ।

India