ਜਲੰਧਰ ਕੈਂਟ ਸਟੇਸ਼ਨ ਤੋਂ 1.30 ਕਰੋੜ ਰੁਪਏ ਦਾ ਸੋਨਾ ਜ਼ਬਤ

ਜਲੰਧਰ-ਰੇਲਵੇ ਪੁਲੀਸ ਬਲ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਕੋਲੋਂ ਲਗਪਗ 1.30 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਬਰਾਮਦ ਕੀਤੇ ਸੋਨੇ ਦਾ ਕੁੱਲ ਵਜ਼ਨ ਕਰੀਬ 2.90 ਕਿਲੋਗ੍ਰਾਮ ਹੈ। ਪੁੱਛ-ਪੜਤਾਲ ਦੇ ਬਾਵਜੂਦ ਵਿਅਕਤੀ ਸੋਨੇ ਦੇ ਸਰੋਤ ਜਾਂ ਟਿਕਾਣੇ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕਿਆ। ਸਿੱਟੇ ਵਜੋਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਸੋਨਾ ਜ਼ਬਤ ਕਰ ਲਿਆ ਗਿਆ। ਜਲੰਧਰ ਵਿੱਚ ਆਰਪੀਐੱਫ ਅਧਿਕਾਰੀਆਂ ਨੇ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਬਾਰੇ ਆਮਦਨ ਕਰ ਵਿਭਾਗ ਨੂੰ ਤੁਰੰਤ ਸੂਚਿਤ ਕਰਕੇ ਜਾਂਚ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟੈਕਸ ਅਥਾਰਟੀਆਂ ਵੱਲੋਂ ਸੋਨੇ ਦੇ ਸਰੋਤ ਤੇ ਉਦੇਸ਼ ਦੀ ਵਰਤੋਂ ਦੀ ਜਾਂਚ ਕੀਤੀ ਜਾਵੇਗੀ। ਆਮਦਨ ਕਰ ਵਿਭਾਗ ਇਸ ਵੇਲੇ ਸੋਨੇ ਦੇ ਮੂਲ ਤੇ ਇਸ ਨੂੰ ਲਿਆਉਣ ਪਿੱਛੇ ਮਕਸਦ ਦਾ ਪਤਾ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।