ਅਮਰੀਕਾ ਵਿੱਚ ਦਿੱਤੇ ਬਿਆਨ ਲਈ ਧਨਖੜ ਨੇ ਰਾਹੁਲ ’ਤੇ ਸੇਧਿਆ ਨਿਸ਼ਾਨਾ

ਨਵੀਂ ਦਿੱਲੀ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਇਸ ਨਾਲੋਂ ਮੰਦਭਾਗਾ ਅਤੇ ਨਾਬਰਦਾਸ਼ਤਯੋਗ ਹੋਰ ਕੁਝ ਨਹੀਂ ਹੋ ਸਕਦਾ ਕਿ ਸੰਵਿਧਾਨਕ ਅਹੁਦੇ ’ਤੇ ਬੈਠਾ ਇਕ ਵਿਅਕਤੀ ਦੇਸ਼ ਦੇ ਦੁਸ਼ਮਣਾਂ ਨਾਲ ਮਿਲ ਗਿਆ ਹੋਵੇ। ਅਮਰੀਕਾ ਵਿੱਚ ਕੀਤੀ ਗਈਆਂ ਟਿੱਪਣੀਆਂ ਨੂੰ ਲੈ ਕੇ ਅੱਜ ਉਪ ਰਾਸ਼ਟਰਪਤੀ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕੀਤਾ। ਇੱਥੇ ਰਾਜ ਸਭਾ ਇੰਟਰਨਸ਼ਿਪ ਪ੍ਰੋਗਰਾਮ ਦੇ ਤੀਜੇ ਬੈਚ ਵਿੱਚ ਸ਼ਾਮਲ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਧਨਖੜ ਨੇ ਕਿਹਾ ਉਨ੍ਹਾਂ ਨੂੰ ਇਸ ਗੱਲ ਤੋਂ ਕਾਫੀ ਪੀੜਾ ਹੋਈ ਹੈ ਕਿ ਕੁਝ ਲੋਕਾਂ ਨੂੰ ਸੰਵਿਧਾਨ ਅਹੁਦੇ ’ਤੇ ਹੁੰਦੇ ਹੋਏ ਵੀ ਕੌਮੀ ਹਿੱਤ ਦਾ ਕੋਈ ਖ਼ਿਆਲ ਨਹੀਂ ਹੈ। ਧਨਖੜ ਸੰਸਦ ਦੇ ਉੱਪਰਲੇ ਸਦਨ ਦੇ ਸਭਾਪਤੀ ਵੀ ਹਨ। ਹਾਲਾਂਕਿ, ਉਨ੍ਹਾਂ ਆਪਣੇ ਇਸ ਸੰਬੋਧਨ ਦੌਰਾਨ ਕਿਸੇ ਦਾ ਨਾਮ ਨਹੀਂ ਲਿਆ।