ਯੂਕੇ ‘ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

ਯੂਕੇ ‘ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ

ਯੂਕੇ ਵਿੱਚ ਇੱਕ ਵਾਰ ਫਿਰ ਸਰਦਾਰਾਂ ਦਾ ਡੰਕਾ ਵੱਜਿਆ ਹੈ। ਜਲੰਧਰ ਦੇ ਤਨਮਨਜੀਤ ਸਿੰਘ ਢੇਸੀ ਨੂੰ ਬ੍ਰਿਟੇਨ ਦੀ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਬਰਤਾਨੀਆ ਵਿੱਚ ਕਿਸੇ ਦਸਤਾਰਧਾਰੀ ਸਿੱਖ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ 563 ਜਾਇਜ਼ ਵੋਟਾਂ ਵਿੱਚੋਂ 320 ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਤੇ ਸਾਥੀ ਲੇਬਰ ਸੰਸਦ ਮੈਂਬਰ ਡੇਰੇਕ ਟਵਿਗ ਨੂੰ 243 ਵੋਟਾਂ ਮਿਲੀਆਂ। ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ ‘ਤੇ ਢੇਸੀ ਨੇ ਕਿਹਾ ਕਿ ਮੈਂ ਸਦਨ ‘ਚ ਆਪਣੇ ਸਾਥੀਆਂ ਦਾ ਮੇਰੇ ‘ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ।

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਤੇ ਵਿਦੇਸ਼ਾਂ ਵਿੱਚ ਜੋ ਖਤਰੇ ਹਨ, ਉਹ ਪੈਮਾਨੇ ਤੇ ਜਟਿਲਤਾ ਦੋਵਾਂ ਪੱਧਰਾਂ ਉਪਰ ਗੰਭੀਰ ਹਨ। ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ, ਮੈਂ ਇਹ ਯਕੀਨੀ ਬਣਾਉਣ ‘ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ। ਮੈਂ ਹਥਿਆਰਬੰਦ ਬਲਾਂ ਦੇ ਜਵਾਨਾਂ ਤੇ ਉਨ੍ਹਾਂ ਬਹਾਦਰ ਵਿਅਕਤੀਆਂ ਲਈ ਸੰਸਦ ਵਿੱਚ ਆਵਾਜ਼ ਬਣਾਂਗਾ ਜੋ ਸਾਡੀ ਸੁਰੱਖਿਆ ਵਿੱਚ ਅਮੁੱਲ ਯੋਗਦਾਨ ਪਾਉਂਦੇ ਹਨ।

Featured International