ਰਾਹੁਲ ਗਾਂਧੀ ਦੇ ਸਮਰਥਨ ’ਚ ਉਤਰੇ ਕਾਂਗਰਸ ਦੇ ਸਿੱਖ ਸਿਆਸਤਦਾਨ

ਨਵੀਂ ਦਿੱਲੀ : ਦੇਸ਼ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਸਬੰਧੀ ਅਮਰੀਕਾ ’ਚ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਦੇ ਚਾਰੋ ਪਾਸਿਓਂ ਹਮਲਿਆਂ ਤੋਂ ਰੂਬਰੂ ਹੋ ਰਹੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਸਮਰਥਨ ਵਿਚ ਕਾਂਗਰਸ ਦੇ ਸਿੱਖ ਆਗੂ ਹੁਣ ਮੈਦਾਨ ’ਚ ਉਤਰ ਗਏ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸੂਬੇ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾਨੇ ਰਾਹੁਲ ਦੇ ਬਿਆਨਾਂ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਪੀਲੀਭੀਤ ’ਚ ਕਿਸਾਨਾਂ ਨੂੰ ਕੁਚਲਣ-ਮਾਰਨ ਤੋਂ ਲੈ ਕੇ ਕਿਸਾਨ ਅੰਦੋਲਨ ਦੌਰਾਨ ਸਿੱਖਾਂ ਨੂੰਭਾਜਪਾ ਵਲੋਂ ਖਾਲਿਸਤਾਨੀ-ਅੱਤਵਾਦੀ ਤੇ ਦੇਸ਼ਧ੍ਰੋਹੀ ਦੱਸੇ ਜਾਣ ਦੀਆਂ ਅਨੇਕ ਘਟਨਾਵਾਂ ਇਸ ਦੀਆਂ ਗਵਾਹ ਹਨ। ਰਾਹੁਲ ਗਾਂਧੀ ਨੂੰ ਹੱਤਿਆ ਦੀ ਧਮਕੀ ਦੇਣ ਵਾਲੇ ਭਾਜਪਾ ਆਗੂ ਤਰਵਿੰਦਰ ਮਰਵਾਹਾ ਦੇ ਖਿਲਾਫ਼ ਐੱਫਆਈਆਰ ਦਰਜ ਨਹੀਂ ਹੋਣ ’ਤੇ ਵੀ ਕਾਂਗਰਸ ਨੇ ਦੋਸ਼ ਲਗਾਇਆ ਕਿ ਇਹ ਧਮਕੀ ਭਾਜਪਾ ਲੀਡਰਸ਼ਿਪ ਵਲੋਂ ਦਿੱਤੀ ਗਈ ਹੈ। ਚੰਨੀ ਤੇ ਬਾਜਵਾ ਨੇ ਆਰਐੱਸਐੱਸ-ਭਾਜਪਾ ’ਤੇ ਸਿੱਖ ਵਿਰੋਧੀ ਦੰਗਿਆਂ ’ਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਤਾਂ ਇਸਨੂੰ ਲੈ ਕੇ ਕਈ ਵਾਰੀ ਮਾਫ਼ੀ ਮੰਗ ਚੁੱਕੀ ਹੈ, ਹੁਣ ਭਾਜਪਾ ਦੱਸੇ ਕਿ ਉਹ ਕਦੋਂ ਮਾਫ਼ੀ ਮੰਗੇਗੀ।  ਭਾਜਪਾ ਆਗੂਆਂ ਵਲੋਂ ਰਾਹੁਲ ਗਾਂਧੀ ’ਤੇ ਜਾਰੀ ਹਮਲਾਵਰ ਰੁਖ਼ ’ਤੇ ਜਵਾਬੀ ਹਮਲਾ ਕਰਨ ਲਈ ਕਾਂਗਰਸ ਦੇ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਕਰ ਕੇ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਦਲਿਤਾਂ ਤੇ ਘੱਟ-ਗਿਣਤੀਆਂ ਦੇ ਬਾਰੇ ਸ਼ੱਕ ਪ੍ਰਗਟਾਏ ਸਨ। ਉਨ੍ਹਾਂ ਨੇ ਕੁਝ ਗਲਤ ਨਹੀਂ ਕਿਹਾ ਤੇ ਸਿੱਖ ਭਾਈਚਾਰਾ ਉਨ੍ਹਾਂ ਦੀਆਂ ਗੱਲਾਂ ਦਾ ਪੂਰਾ ਸਮਰਥਨ ਕਰਦਾ ਹੈ। ਉਨ੍ਹਾਂ ਨੇ ਪਿਛਲੇ 10 ਸਾਲਾਂ ’ਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਚਾਰ ਕਿਸਾਨ ਆਗੂਆਂ ਨੂੰ ਏਅਰਪੋਰਟ ’ਤੇ ਛੋਟੀ ਕਿਰਪਾਨ ਪਾਉਣ ਦੇ ਕਾਰਨ ਫਲਾਈਟ ’ਚ ਚੜ੍ਹਨ ਤੋਂ ਰੋਕਣ ਜਾਂ ਹੱਕ ਦੀ ਆਵਾਜ਼ ਚੁੱਕਣ ਵਾਲੇ ਸਿੱਖਾਂ ਨੂੰ ਦੇਸ਼ਧ੍ਰੋਹੀ ਦੱਸਣ ਦੇ ਕਈ ਉਦਾਹਰਣ ਹਨ। ਰਾਹੁਲ ’ਤੇ ਹਮਲਾ ਕਰਨ ਵਾਲੇ ਹਰਦੀਪ ਪੁਰੀ, ਇਕਬਾਲ ਸਿੰਘ ਲਾਲਪੁਰਾਤੇ ਰਵਨੀਤ ਸਿੰਘ ਬਿੱਟੂ ’ਤੇ ਦੋਵਾਂ ਆਗੂਆਂ ਨੇ ਤਿੱਖਾ ਹਮਲਾ ਕੀਤਾ।