ਸ੍ਰੀ ਸਿੱਧ ਬਾਬਾ ਸੋਢਲ ਮੇਲਾ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਸ੍ਰੀ ਸਿੱਧ ਬਾਬਾ ਸੋਢਲ ਮੇਲਾ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

 ਜਲੰਧਰ –ਅਨੰਤ ਚੌਦਸ ਦੇ ਦਿਹਾੜੇ ’ਤੇ ਮਨਾਏ ਜਾਣ ਵਾਲੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਲਈ ਮੰਦਰ ਦੇ ਵਿਹੜੇ ਤੇ ਮੰਦਰ ਨੂੰ ਜਾਣ ਵਾਲੇ ਰਸਤਿਆਂ ਨੂੰ ਸਜਾਇਆ ਗਿਆ ਹੈ। ਕਈ ਥਾਵਾਂ ’ਤੇ ਸਟਾਲ ਲਗਾਏ ਗਏ ਹਨ ਤੇ ਕਈ ਥਾਵਾਂ ’ਤੇ ਝੂਲੇ ਲਗਾਏ ਗਏ ਹਨ। ਮੇਲੇ ਵਾਲੇ ਦਿਨ ਭੀੜ ਹੋਣ ਦੀ ਸੰਭਾਵਨਾ ਤੇ ਐਤਵਾਰ ਛੁੱਟੀ ਹੋਣ ਕਾਰਨ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਜਾਣ ਕਾਰਨ ਮੇਲਾ ਦੋ ਦਿਨ ਪਹਿਲਾਂ ਹੀ ਸਜ ਗਿਆ। ਸ਼ਰਧਾਲੂ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਵਾਜੇ ਤੇ ਢੋਲ ਦੀ ਧੁਨ ਨਾਲ ਮੰਦਰ ਪਹੁੰਚੇ। ਦੂਜੇ ਪਾਸੇ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਦੁਪਹਿਰ ਵੇਲੇ ਹੀ ਮੰਦਰ ਦੇ ਬਾਹਰ ਬੈਰੀਕੇਡ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮੰਦਰ ਤੋਂ ਕਰੀਬ ਅੱਧਾ ਕਿਲੋਮੀਟਰ ਤੱਕ ਵਾਹਨਾਂ ਰਾਹੀਂ ਸ਼ਰਧਾਲੂਆਂ ਦੀ ਸਿੱਧੀ ਐਂਟਰੀ ਬੰਦ ਕਰ ਦਿੱਤੀ ਗਈ। ਇਸ ਲਈ ਬੈਰੀਕੇਡ ਤੋਂ ਮੰਦਰ ਤੱਕ ਸ਼ਰਧਾਲੂ ਪੈਦਲ ਹੀ ਦਰਸ਼ਨਾਂ ਲਈ ਪਹੁੰਚ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਅਨੰਤ ਚੌਦਸ ਤੋਂ ਪਹਿਲਾਂ ਐਤਵਾਰ ਤੋਂ ਸ਼ੁਰੂ ਹੋ ਕੇ ਅਨੰਤ ਚੌਦਸ ਤੋਂ ਬਾਅਦ ਆਉਣ ਵਾਲੇ ਐਤਵਾਰ ਤੱਕ ਰਹਿੰਦਾ ਹੈ। ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸਬੰਧੀ ਚੱਢਾ ਬਰਾਦਰੀ ਵੱਲੋਂ ਐਤਵਾਰ ਨੂੰ ਝੰਡਾ ਚੜ੍ਹਾਇਆ ਗਿਆ। ਜਥੇਬੰਦੀ ਦੇ ਪ੍ਰਧਾਨ ਵਿਪਨ ਚੱਢਾ ਬੱਬੀ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ’ਚ ਵਿਧਾਇਕ ਰਮਨ ਅਰੋੜਾ ਤੇ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸੋਢਲ ਮੇਲੇ ਦੀ ਵਧਾਈ ਦਿੰਦਿਆਂ ਇਸ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਦੱਸਿਆ। ਇਸ ਮੌਕੇ ਸ਼ਾਮ ਲਾਲ ਚੱਢਾ ਸਮੇਤ ਮੈਂਬਰ ਹਾਜ਼ਰ ਸਨ।ਸ੍ਰੀ ਸਿੱਧ ਬਾਬਾ ਸੋਢਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਵੱਲੋਂ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਸਬੰਧ ’ਚ 16 ਸਤੰਬਰ ਨੂੰ ਸਵੇਰੇ 10.30 ਵਜੇ ਹਵਨ ਯੱਗ ਕੀਤਾ ਜਾਵੇਗਾ। ਜਿਸ ’ਚ ਜ਼ਿਲ੍ਹੇ ਭਰ ਦੇ ਪਤਵੰਤੇ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਯਸ਼ਪਾਲ ਠਾਕੁਰ ਤੇ ਚੇਅਰਮੈਨ ਓਮ ਪ੍ਰਕਾਸ਼ ਸੱਪਲ ਨੇ ਕਿਹਾ ਕਿ ਸੰਸਥਾ ਵੱਲੋਂ ਸ਼ਾਮ 4.30 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਇਸੇ ਤਰ੍ਹਾਂ ਦੋ ਦਿਨ ਚੱਲਣ ਵਾਲੇ ਲੰਗਰ ਦੀ ਸ਼ੁਰੂਆਤ ਰਾਤ 9 ਵਜੇ ਭਗਵਤੀ ਜਗਰਾਤੇ ਨਾਲ ਕੀਤੀ ਜਾਵੇਗੀ। ਜਿਸ ’ਚ ਵੱਖ-ਵੱਖ ਪ੍ਰਕਾਰ ਦੇ ਪਕਵਾਨਾਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸਬੰਧੀ ਮੰਦਰ ਦੇ ਸਾਹਮਣੇ ਕੰਟਰੋਲ ਰੂਮ ਬਣਾਇਆ ਗਿਆ ਹੈ। ਜਿੱਥੇ ਪੁਲਿਸ ਅਧਿਕਾਰੀ ਤੇ ਕਰਮਚਾਰੀ 24 ਘੰਟੇ ਸੇਵਾਵਾਂ ਦੇਣਗੇ। ਇਸ ਮੌਕੇ ਏਸੀਪੀ ਨਾਰਥ ਸ਼ੀਤਲ ਸਿੰਘ ਨੇ ਕਿਹਾ ਕਿ ਮੇਲੇ ਦੌਰਾਨ ਸੜਕਾਂ ’ਤੇ ਲਗਾਏ ਬੈਰੀਕੇਡਾਂ ਤੇ ਮੰਦਰ ਦੇ ਅੰਦਰ ਹਰ ਜਗ੍ਹਾ ’ਤੇ ਪੁਲਿਸ ਬਲ ਤਾਇਨਾਤ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਵੀ ਲਗਾਏ ਹਨ। ਜਿਸ ਦਾ ਕੰਟਰੋਲ ਵੀ ਕੰਟਰੋਲ ਰੂਮ ’ਚ ਰਹੇਗਾ।

ਮੇਲੇ ਦੌਰਾਨ ਮੰਦਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਡ ਲਗਾ ਕੇ ਦੂਰ-ਦੂਰ ਤੋਂ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ’ਚ ਮੰਦਰ ਦੇ ਆਲੇ-ਦੁਆਲੇ ਕਈ ਥਾਵਾਂ ’ਤੇ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਵਾਹਨ ਪਾਰਕ ਕੀਤੇ ਜਾ ਸਕਦੇ ਹਨ।

-ਲੱਭੁ ਰਾਮ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦਾ ਮੈਦਾਨ

– ਦੇਵੀ ਸਹਾਏ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ

– ਸਈਪੁਰ ਰੋਡ

– ਨਵੀਂ ਦਾਣਾ ਮੰਡੀ

– ਗਾਜ਼ੀ ਗੁੱਲਾ ਚੌਕ

– ਲੀਡਰ ਫੈਕਟਰੀ ਦੇ ਨੇੜੇ

ਸ੍ਰੀ ਸਿੱਧ ਬਾਬਾ ਸੋਢਲ ਮੇਲੇ ਕਾਰਨ ਚੰਦਨ ਨਗਰ ਦਾ ਫਾਟਕ 17 ਤੋਂ 18 ਸਤੰਬਰ ਤੱਕ ਬੰਦ ਰੱਖਿਆ ਜਾਵੇਗਾ। ਹਾਲਾਂਕਿ ਰਾਮ ਨਗਰ, ਹੁਸ਼ਿਆਰਪੁਰ ਰੋਡ ਤੇ ਟਾਂਡਾ ਰੋਡ ਦੇ ਫਾਟਕ ਗੱਡੀ ਦੇ ਲੰਘਦੇ ਸਮੇਂ ਬੰਦ ਕੀਤਾ ਜਾਵੇਗਾ। ਇਸ ਲਈ ਇਨ੍ਹਾਂ ਰਸਤਿਆਂ ’ਤੇ ਵਾਹਨਾਂ ਦੀ ਰਫ਼ਤਾਰ ਮੱਠੀ ਰਹੇਗੀ।

ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਰੂਟ ਡਾਇਵਰਟ ਕੀਤਾ ਗਿਆ ਹੈ। ਜਿਸ ਤਹਿਤ ਹੀ ਸ਼ਰਧਾਲੂ ਮੰਦਰ ਨੂੰ ਜਾਣ ਵਾਲੇ ਮੁੱਖ ਰਸਤਿਆਂ ਤੋਂ ਪੈਦਲ ਹੀ ਮੰਦਰ ਤੱਕ ਪਹੁੰਚ ਸਕਣਗੇ। ਮੇਲੇ ਵਾਲੇ ਦਿਨ ਦੋਆਬਾ ਚੌਕ, ਟਾਂਡਾ ਚੌਕ, ਚੰਦਨ ਨਗਰ ਰੇਲਵੇ ਕਰਾਸਿੰਗ, ਇੰਡਸਟਰੀਅਲ ਏਰੀਆ, ਰਾਮਨਗਰ ਰੇਲਵੇ ਕਰਾਸਿੰਗ, ਟਾਂਡਾ ਰੇਲਵੇ ਕਰਾਸਿੰਗ, ਗਾਜ਼ੀਗੁੱਲਾ ਚੌਕ ਤੇ ਪਠਾਨਕੋਟ ਚੌਕ ਤੋਂ ਟਰੈਫਿਕ ਡਾਇਵਰਟ ਕੀਤਾ ਜਾਵੇਗਾ।

Punjab Religion