ਜੇ ਕੈਨੇਡਾ ਤੋਂ ਅਮਰੀਕਾ ਜਾਣਾ – ਤਾਂ ਲੱਗੇਗਾ 5000 ਡਾਲਰ ਕੈਨੇਡਾ ‘ਚ ਇਮੀਗਰੇਸ਼ਨ ਸਖ਼ਤੀ ਹੋਣ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਅਮਰੀਕਾ ਬਾਰਡਰ ਟਪਾਉਣ ਦੀਆਂ ਮਸ਼ਹੂਰੀਆਂ ਕਰ ਰਹੇ ਹਨ ਫਰਜ਼ੀ ਏਜੰਟ ਭਾਰਤੀ ਮੂਲ ਦੇ ਠੱਗਾਂ ਦਾ ਪਰਦਾਫਾਸ਼

ਕੈਨੇਡਾ ‘ਚ ਇਮੀਗ੍ਰੇਸ਼ਨ ਕਾਨੂੰਨਾਂ ‘ਚ ਸਖ਼ਤੀ ਹੋਣ ਤੋਂ ਬਾਅਦ ਹੁਣ ਕੁਝ ਫਰਜੀ ਏਜੰਟ ਸੋਸ਼ਲ ਮੀਡੀਆ ‘ਤੇ ਸ਼ਰੇਆਮ ਇਹ ਮਸ਼ਹੂਰੀਆਂ ਦੇ ਰਹੇ ਹਨ ਕਿ ਜੇ ਕੈਨੇਡਾ ਤੋਂ ਅਮਰੀਕਾ ਜਾਣਾ ਹੈ ਤਾਂ 1200 ਤੋਂ ਲੈ ਕੇ 5 ਹਜ਼ਾਰ ਡਾਲਰ ਦਾ ਖਰਚਾ ਲੱਗੇਗਾ ਇਹ ਵੀ ਦਾਅਵਾ ਕੀਤਾ ਜਾਂਣਾ ਹੈ ਤਾਂ ਗਾਹਕਾਂ ਨੂੰ ਸੁਰੱਖਿਤ ਤਰੀਕੇ ਨਾਲ ਅਮਰੀਕਾ ‘ਚ ਦਾਖਲ ਕਰਵਾਇਆ ਜਾਏਗਾ।

ਰੇਡੀਓ ਕੈਨੇਡਾ ਵੱਲੋਂ ਛਾਪੀ ਗਈ ਇੱਕ ਖੋਜ ਭਰਪੂਰ ਰਿਪੋਰਟ ‘ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਹਨਾਂ ਫਰਜ਼ੀ ਲੋਕਾਂ ਦਾ ਜ਼ਿਆਦਾਤਰ ਸ਼ਿਕਾਰ ਭਾਰਤੀ ਅਤੇ ਬੰਗਲਾਦੇਸ਼ ਮੂਲ ਦੇ ਲੋਕ ਹੋ ਰਹੇ ਹਨ ਜੋ ਕੈਨੇਡਾ ‘ਚ ਵਿਜ਼ਟਰ ਵੀਜ਼ਾ ‘ਤੇ ਆਏ ਸਨ ਜਾਂ ਫਿਰ ਪੜ੍ਹਾਈ ਦੇ ਅੱਧ-ਵਿਚਾਲੇ ਟੁੱਟ ਜਾਣ ਕਾਰਨ ਹੁਣ ਉਹਨਾਂ ਦੇ ਪੱਕੇ ਹੋਣ ਦੀ ਉਮੀਦ ਕੈਨੇਡਾ ‘ਚ ਨਹੀਂ ਰਹੀ।

ਕੈਨੇਡਾ ‘ਚ ਇਸ ਵਕਤ ਦੋ ਲੱਖ ਦੇ ਕਰੀਬ ਅਜਿਹੇ ਲੋਕ ਹਨ ਜਿਹਨਾਂ ਦਾ ਇਮੀਗਰੇਸ਼ਨ ਦਰਜਾ ਕਾਨੂੰਨੀ ਤੌਰ ‘ਤੇ ਕੈਨੇਡਾ ‘ਚ ਰਹਿਣ ਦੇ ਯੋਗ ਨਹੀਂ ਰਿਹਾ ਅਤੇ ਉਹ ਵਾਪਸ ਆਪਣੇ ਦੇਸ਼ ਜਾਣ ਦੀ ਬਜਾਏ ਅਮਰੀਕਾ ‘ਚ ਗੈਰ ਕਾਨੂੰਨੀ ਤੌਰ ‘ਤੇ ਦਾਖਲ ਹੋ ਕੇ ਉਥੇ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ।

ਉਕਤ ਮੀਡੀਆ ਅਦਾਰੇ ਵੱਲੋਂ ਇਕ ਫਰਜੀ ਏਜੰਟ ਰਾਹੁਲ ਨਾਂ ਦੇ ਵਿਅਕਤੀ ਨਾਲ ਸੋਸ਼ਲ ਮੀਡੀਆ ‘ਤੇ ਲਿਖਤੀ ਰੂਪ ‘ਚ ਅਤੇ ਫੋਨ ‘ਤੇ ਗੱਲਬਾਤ ਕੀਤੀ ਹੈ ਹੈ ਜਿਸ ‘ਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ 1200 ਡਾਲ ‘ਚ ਕਿਊਬੈਕ ਤੋਂ ਊਬਰ ਦੀ ਟੈਕਸੀ ਰਾਹੀਂ ਅਮਰੀਕਾ ਸਰਹੱਦ ਤੱਕ ਲੈ ਕੇ ਜਾਵੇਗਾ ਅਤੇ ਉਥੋਂ ਗੈਰ ਕਾਨੂੰਨੀ ਤੌਰ ‘ਤੇ ਬਾਰਡਰ ਪਾਰ ਕਰਾਇਆ ਜਾਏਗਾ ਜਾਂ ਫਿਰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਮਰੀਕਾ ‘ਚ ਦਾਖਲ ਹੋਣ ਸਮੇਂ ਪੈਟਰੋਲਿੰਗ ਇਮੀਗ੍ਰੇਸ਼ਨ ਅਫਸਰ ਕੋਲ ਰਿਪੋਰਟ ਕਰਕੇ ਉਹਨਾਂ ਨੂੰ ਆਰਜ਼ੀ ਤੌਰ ‘ਤੇ ਅਮਰੀਕਾ ‘ਚ ਦਾਖਲਾ ਮਿਲ ਸਕਦਾ।

ਹੈਰਾਨੀ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਪੰਜਾਬੀ ਭਾਸ਼ਾ ‘ਚ ਸ਼ਰੇਆਮ ਇਸ ਗੱਲ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਬੀਤੇ ਛੇ ਮਹੀਨਿਆਂ ‘ਚ ਹੀ ਅਮਰੀਕਾ ਬਾਰਡਰ ਤੇ ਕਨੇਡਾ ਤੋਂ ਦਾਖਲ ਹੋਣ ਵਾਲੇ 13000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨਾ ‘ਚ ਜੂਨ ਜੁਲਾਈ ‘ਚ ਹੀ ਇਹ ਗਿਣਤੀ 9000 ਦੇ ਕਰੀਬ ਬਣਦੀ ਹੈ ।

2022 ਦੇ ਮੁਕਾਬਲੇ ਹੁਣ ਕੈਨੇਡਾ ਤੋਂ ਅਮਰੀਕਾ ‘ਚ ਇਸ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ ਵਿੱਚ 526 ਫੀਸਦੀ ਦਾ ਵਾਧਾ ਹੋਇਆ ਹੈ ੜ। ਇਹ ਮਸ਼ਹੂਰੀਆਂ ਇੰਨਾ ਫਰਜ਼ੀ ਲੋਕਾਂ ਵੱਲੋਂ ਟਿਕ-ਟਾਕ ਸਮੇਤ ਹੋਰ ਸੋਸ਼ਲ ਮੀਡੀਆ ਅਕਾਊਂਟਾਂ ਤੇ ਦਿੱਤੀਆਂ ਜਾ ਰਹੀਆਂ ਹਨ। ਜਿੰਨਾਂ ‘ਚ ਕੁਝ ਇੱਕ ਗਾਹਕਾਂ ਨੂੰ ਸਬੂਤ ਵਜੋਂ ਪੇਸ਼ ਕੀਤਾ ਜਾਂਦਾ ਹੈ ਜਿਸ ‘ਚ ਉਹ ਬੋਲ ਰਹੇ ਹਨ ਕਿ ਉਕਤ ਏਜੰਟ ਰਾਹੀਂ ਸਰਹੱਦ ਪਾਰ ਕਰੋ ਜਿਵੇਂ ਸਾਨੂੰ ਇਸ ਨੇ ਸੁਰੱਖਿਤ ਅਮਰੀਕਾ ਦੇ ਦਾਖਲ ਕਰਵਾਇਆ ਹੈ।

  1. (ਗੁਰਮੁੱਖ ਸਿੰਘ ਬਾਰੀਆ)
Canada