ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ‘ਚ ਉਨ੍ਹਾਂ ਦੀ ਸਭ ਤੋਂ ਵੱਡੀ ਭੂਮਿਕਾ., ਸ਼ਾਹ ਨੇ Gandhi-Abdullah ਤੇ Mufti ਪਰਿਵਾਰ ‘ਤੇ ਵਿੰਨ੍ਹੇ ਨਿਸ਼ਾਨੇ

ਜੰਮੂ-ਕਸ਼ਮੀਰ ‘ਚ ਦਹਿਸ਼ਤ ਫੈਲਾਉਣ ‘ਚ ਉਨ੍ਹਾਂ ਦੀ ਸਭ ਤੋਂ ਵੱਡੀ ਭੂਮਿਕਾ., ਸ਼ਾਹ ਨੇ Gandhi-Abdullah ਤੇ Mufti ਪਰਿਵਾਰ ‘ਤੇ ਵਿੰਨ੍ਹੇ ਨਿਸ਼ਾਨੇ

ਮੇਂਢਰ : (Jammu and Kashmir Election) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਧਾਨ ਸਭਾ ਚੋਣਾਂ ਦੌਰਾਨ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਪੁਣਛ ਜ਼ਿਲ੍ਹੇ ਦੇ ਮੇਂਢਰ ਤੋਂ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਰਹੱਦ ‘ਤੇ ਸ਼ਾਂਤੀ ਹੈ। ਕਿਉਂਕਿ ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦਾ ਹੈ ਅਤੇ ਗੋਲ਼ੀ ਚਲਾਉਣ ਦੀ ਹਿੰਮਤ ਕਰ ਸਕਦਾ ਹੈ।

ਸ਼ਾਹ ਕੇਂਦਰ ਸ਼ਾਸਤ ਪ੍ਰਦੇਸ਼ ਪੁਣਛ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਭਾਜਪਾ ਉਮੀਦਵਾਰ ਮੁਰਤਜ਼ਾ ਖ਼ਾਨ ਦੇ ਸਮਰਥਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਬੰਦੂਕਾਂ ਅਤੇ ਪੱਥਰਾਂ ਦੀ ਬਜਾਏ ਨੌਜਵਾਨਾਂ ਦੇ ਹੱਥਾਂ ਵਿੱਚ ਲੈਪਟਾਪ ਦੇ ਕੇ ਅੱਤਵਾਦ ਨੂੰ ਖ਼ਤਮ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਮੂ ਖੇਤਰ ਦੀਆਂ ਪਹਾੜੀਆਂ ਵਿੱਚ ਬੰਦੂਕਾਂ ਦੀਆਂ ਗੋਲੀਆਂ ਦੀ ਗੂੰਜ ਨਹੀਂ ਚੱਲਣ ਦੇਵੇਗੀ।

ਸ਼ਾਹ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਿਆ

ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦ ਫ਼ੈਲਾਉਣ ‘ਚ ਤਿੰਨ ਪਰਿਵਾਰਾਂ ਦੀ ਅਹਿਮ ਭੂਮਿਕਾ ਹੈ। ਇਹ ਚੋਣ ਗਾਂਧੀ, ਅਬਦੁੱਲਾ ਅਤੇ ਮੁਫ਼ਤੀ ਦੀ ਰਾਜਨੀਤੀ ਨੂੰ ਖ਼ਤਮ ਕਰਨ ਲਈ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਲਈ ਸਰਹੱਦ ‘ਤੇ ਹੋਰ ਬੰਕਰ ਬਣਾਵਾਂਗੇ। ਮੈਂ ਤੁਹਾਨੂੰ 1990 ਦੇ ਦਹਾਕੇ ਵਿੱਚ ਸਰਹੱਦ ਪਾਰ ਗੋਲ਼ੀਬਾਰੀ ਦੀ ਯਾਦ ਦਿਵਾਉਣਾ ਚਾਹਾਂਗਾ। ਕੀ ਅੱਜ ਵੀ ਸਰਹੱਦ ਪਾਰੋਂ ਗੋਲ਼ੀਬਾਰੀ ਹੋ ਰਹੀ ਹੈ?

ਅਜਿਹਾ ਇਸ ਲਈ ਹੈ ਕਿਉਂਕਿ ਪਹਿਲਾਂ ਇੱਥੋਂ ਦੇ ਸ਼ਾਸਕ ਪਾਕਿਸਤਾਨ ਤੋਂ ਡਰਦੇ ਸਨ ਪਰ ਹੁਣ ਪਾਕਿਸਤਾਨ ਮੋਦੀ ਤੋਂ ਡਰਦਾ ਹੈ। ਸ਼ਾਹ ਨੇ ਕਿਹਾ ਕਿ ਉਹ ਗੋਲ਼ੀ ਚਲਾਉਣ ਦੀ ਹਿੰਮਤ ਨਹੀਂ ਕਰਨਗੇ ਪਰ ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ।

ਚਾਰ ਜ਼ਿਲ੍ਹਿਆਂ ਵਿੱਚ ਜਨ ਸਭਾਵਾਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਿੰਨ ਦਿਨਾਂ ਦੌਰੇ ‘ਤੇ ਹਨ ਅਤੇ ਉਹ ਪੁਣਛ ਦੇ ਸੁਰਨਕੋਟ, ਰਾਜੌਰੀ ਜ਼ਿਲ੍ਹੇ ਦੇ ਥਾਨਾਮੰਡੀ ਅਤੇ ਰਾਜੌਰੀ ਅਤੇ ਜੰਮੂ ਜ਼ਿਲ੍ਹੇ ਦੇ ਅਖਨੂਰ ਵਿੱਚ ਚਾਰ ਹੋਰ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਵਾਲੇ ਹਨ। ਅਗਸਤ 2019 ਵਿੱਚ ਧਾਰਾ 370 ਨੂੰ ਖ਼ਤਮ ਕਰਨ ਅਤੇ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡਣ ਤੋਂ ਬਾਅਦ ਪਹਿਲੀ ਵਾਰ ਜੰਮੂ ਅਤੇ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।

ਜ਼ਿਕਰਯੋਗ ਹੈ ਕਿ 18 ਸਤੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਈ ਸੀ। ਦੂਜਾ ਪੜਾਅ 25 ਸਤੰਬਰ ਨੂੰ ਹੋਵੇਗਾ, ਜਿਸ ਤੋਂ ਬਾਅਦ ਤੀਜਾ ਅਤੇ ਆਖ਼ਰੀ ਪੜਾਅ 1 ਅਕਤੂਬਰ ਨੂੰ ਹੋਵੇਗਾ। ਚੋਣ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।

Featured India Political