ਫਰਜ਼ੀ ਕਰੰਸੀ ਤੇ ਵਿਦੇਸ਼ੀ ਪਾਸਪੋਰਟ ਫੜੇ ਜਾਣ ਦਾ ਡਰਾਵਾ ਦੇ ਕੇ ਨੌਸਰਬਾਜ਼ਾਂ ਨੇ ਲੁਧਿਆਣੇ ਦੇ ਕਾਰੋਬਾਰੀ ਕੋਲੋਂ ਠੱਗੇ 1 ਕਰੋੜ

ਫਰਜ਼ੀ ਕਰੰਸੀ ਤੇ ਵਿਦੇਸ਼ੀ ਪਾਸਪੋਰਟ ਫੜੇ ਜਾਣ ਦਾ ਡਰਾਵਾ ਦੇ ਕੇ ਨੌਸਰਬਾਜ਼ਾਂ ਨੇ ਲੁਧਿਆਣੇ ਦੇ ਕਾਰੋਬਾਰੀ ਕੋਲੋਂ ਠੱਗੇ 1 ਕਰੋੜ

ਲੁਧਿਆਣਾ : ਖੁਦ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਅਧਿਕਾਰੀ ਦੱਸਣ ਵਾਲੇ ਨੌਸਰਬਾਜਾਂ ਨੇ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਇਸ ਕਦਰ ਆਪਣੇ ਜਾਲ ਵਿੱਚ ਫਸਾਇਆ ਕਿ ਉਸਨੇ ਮੁਲਜਮਾਂ ਦੇ ਖਾਤੇ ਵਿੱਚ 1 ਕਰੋੜ ਰੁਪਏ ਦੀ ਰਕਮ ਟਰਾਂਸਫਰ ਕਰ ਦਿੱਤੀ l ਖੁਦ ਨੂੰ ਠੱਗਿਆ ਮਹਿਸੂਸ ਕਰਨ ਤੇ ਕਾਰੋਬਾਰੀ ਨੇ ਸਾਈਬਰ ਕ੍ਰਾਈਮ ਪੋਰਟਲ ਦੇ ਜ਼ਰੀਏ ਸ਼ਿਕਾਇਤ ਦਰਜ ਕਰਵਾਈ l ਇਸ ਮਾਮਲੇ ਵਿੱਚ ਲੁਧਿਆਣਾ ਦੇ ਸਾਈਬਰ ਕ੍ਰਾਈਮ ਦੀ ਟੀਮ ਨੇ ਸਰਾਭਾ ਨਗਰ ਦੇ ਵਾਸੀ ਕਾਰੋਬਾਰੀ ਰਜਨੀਸ਼ ਅਹੂਜਾ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਸ਼ਿਕਾਇਤ ਦਿੰਦਿਆਂ ਕਾਰੋਬਾਰੀ ਰਜਨੀਸ਼ ਆਹੂਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਫੋਨ ਕਾਲ ਆਈ l ਕਾਲ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਅਧਿਕਾਰੀ ਦੱਸਿਆ l ਉਸਨੇ ਆਖਿਆ ਕਿ ਏਅਰਪੋਰਟ ਤੇ ਉਨ੍ਹਾਂ ਦਾ ਇੱਕ ਪਾਰਸਲ ਫੜਿਆ ਗਿਆ ਹੈ ਜਿਸ ਵਿੱਚ ਵਿਦੇਸ਼ੀ ਪਾਸਪੋਰਟ ਅਤੇ ਵਿਦੇਸ਼ੀ ਕਰੰਸੀ ਹੈ l ਏਅਰਪੋਰਟ ਦੇ ਫਰਜ਼ੀ ਅਧਿਕਾਰੀ ਨੇ ਰਜਨੀਸ਼ ਆਹੂਜਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ l

ਸਾਜਿਸ਼ ਦੇ ਤਹਿਤ ਮੁਲਜ਼ਮਾਂ ਨੇ ਆਹੂਜਾ ਨੂੰ ਉਨ੍ਹਾਂ ਦੇ ਵਟਸਐਪ ਉੱਪਰ ਫਰਜ਼ੀ ਵਰੰਟ ਅਤੇ ਕੋਰਟ ਦੇ ਜਾਅਲੀ ਆਰਡਰ ਵੀ ਭੇਜ ਦਿੱਤੇl ਜਾਲ ਵਿੱਚ ਫਸਾ ਕੇ ਮੁਲਜਮਾਂ ਨੇ ਰਜਨੀਸ਼ ਆਹੂਜਾ ਨਾਲ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ l ਬੁਰੀ ਤਰ੍ਹਾਂ ਘਬਰਾਏ ਆਹੂਜਾ ਨੇ ਉਨ੍ਹਾਂ ਵੱਲੋਂ ਦੱਸੇ ਗਏ ਖਾਤਿਆਂ ਵਿੱਚ ਇਕ ਕਰੋੜ ਇਕ ਲੱਖ ਰੁਪਏ ਦੀ ਰਕਮ ਟ੍ਰਾਂਸਫਰ ਕਰ ਦਿੱਤੀ l ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।

Punjab