ਟੋਰਾਂਟੋ -(ਗੁਰਮੁੱਖ ਸਿੰਘ ਬਾਰੀਆ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ , ਵੱਲੋਂ ਨਿਊਯਾਰਕ ਦੇ ਯੂਨੀਅਨ-ਡੇਲ ਸ਼ਹਿਰ ‘ਚ ਇੱਕ ਵੱਡੇ ਭਾਰਤੀ ਭਾਈਚਾਰੇ ਦੇ ਇਕੱਠ ਨੂੰ ਅੱਜ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਇਹ ਗੱਲ ਜ਼ੋਰ ਦੇ ਕਿ ਕਹੀ ਹੈ ਕਿ ਅਮਰੀਕਾ ਅਤੇ ਭਾਰਤ ਦੁਨੀਆਂ ਦੇ ਵੱਡੇ ਲੋਕਤੰਤਰ ਹਨ ਅਤੇ 2024 ਦਾ ਸਾਲ ਵਿਸ਼ਵ ਲਈ ਇੱਕ ਬਹੁਤ ਹੀ ਮਹੱਤਵਪੂਰਨ ਸਮਾਂ ਹੈ।
ਉਨਾਂ ਨੇ ਕਿਹਾ ਹੈ ਕਿ ਅੱਜ ਜਦੋਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ‘ਚ ਆਪਸੀ ਤਨਾਅ ਚੱਲ ਰਿਹਾ ਹੈ ਤਾਂ ਅਜਿਹੇ ਮੌਕੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ‘ਚ ਲੋਕਤੰਤਰ ਨੂੰ ਵੀ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਅਤੇ ਅਮਰੀਕਾ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਦੋਵੇਂ ਇਕੱਠੇ ਹਨ।
ਦੱਸਣ ਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਵੱਡੇ ਇਕੱਠ ਨੂੰ ਉਸ ਵਕਤ ਸੰਬੋਧਨ ਕੀਤਾ ਜਾ ਰਿਹਾ ਹੈ ਜਦੋਂ ਅਮਰੀਕਾ ‘ਚ ਰਾਸ਼ਟਰਪਤੀ ਦੀਆਂ ਚੋਣਾਂ ਬਹੁਤ ਨੇੜੇ ਹਨ । ਜ਼ਿਕਰਯੋਗ 4.5 ਮਿਲੀਅਨ ਦੇ ਕਰੀਬ ਭਾਰਤੀ ਭਾਈਚਾਰਾ ਇਸ ਵਕਤ ਅਮਰੀਕਾ ‘ਚ ਵੱਸਦਾ ਹੈ।
ਇਸ ਸਮਾਗਮ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਜੋ ਕਿ ਅਮਰੀਕਾਨ ‘ਚ QUAD ਦੇਸ਼ਾਂ ਦੇ ਸਮੂਹ ਦੇ ਇੱਕ ਸਮਾਗਮ ‘ਚ ਸ਼ਾਮਿਲ ਹੋਣ ਆਏ ਹਨ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਤੋਂ ਇਲਾਵਾ ਜਪਾਨ ਆਸਟਰੇਲੀਆ ਤੇ ਪ੍ਰਧਾਨ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ।
ਇਹ ਵੀ ਦੱਸਣ ਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਐਨ ਪਹਿਲਾਂ ਅਮਰੀਕਾ ਦੇ ਵਾਈਟ ਹਾਊਸ ਅਧਿਕਾਰੀਆਂ ਵੱਲੋਂ ਵੱਲੋਂ ਅਮਰੀਕਾ ਦੇ ਸਿੱਖ ਆਗੂਆਂ ਨਾਲ ਮੁਲਾਕਾਤ ਕਰਕੇ ਭਰੋਸਾ ਦਵਾਇਆ ਸੀ ਕਿ ਉਹ ਅਮਰੀਕਾ ਦੀ ਧਰਤੀ ਉੱਪਰ ਪੂਰੀ ਤਰ੍ਹਾਂ ਸੁਰੱਖਿਤ ਹਨ। ਮੋਦੀ-ਬਿਡੇਨ ਮੀਟਿੰਗ ‘ਚ ਅਮਰੀਕਾ ਵੱਲੋਂ ਕੀ ਮਨੁੱਖੀ ਅਧਿਕਾਰਾਂ ਮੁੱਦਾ ਉਠਾਇਆ ਗਿਆ, ਜਿਸਦੀ ਗੱਲ ਅਮਰੀਕਾ ਅਕਸਰ ਮੀਡੀਆ ‘ਚ ਕਰਦਾ ਰਿਹਾ ਹੈ , ਬਾਰੇ ਕੋਈ ਵੇਰਵਾ ਸਾਹਮਣੇ ਨਹੀਂ ਆਇਆ।