ਬੰਗਲਾਦੇਸ਼ ਨੂੰ ਹਰਾਉਣ ਲਈ ਰੋਹਿਤ ਸ਼ਰਮਾ ਨੇ ਲਿਆ ‘ਜਾਦੂ’ ਦਾ ਸਹਾਰਾ

ਬੰਗਲਾਦੇਸ਼ ਨੂੰ ਹਰਾਉਣ ਲਈ ਰੋਹਿਤ ਸ਼ਰਮਾ ਨੇ ਲਿਆ ‘ਜਾਦੂ’ ਦਾ ਸਹਾਰਾ

ਨਵੀਂ ਦਿੱਲੀ – ਭਾਰਤੀ ਟੀਮ ਨੇ ਚੇਨਈ ‘ਚ ਖੇਡੇ ਗਏ ਪਹਿਲੇ ਟੈਸਟ ਮੈਚ ‘ਚ ਬੰਗਲਾਦੇਸ਼ ਨੂੰ 280 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਭਾਰਤ ਦੋ ਮੈਚਾਂ ਦੀ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤ ਦੀ ਜਿੱਤ ਦੇ ਕਈ ਹੀਰੋ ਸਨ ਪਰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਜਾਦੂ-ਟੂਣਾ ਕਰਦੇ ਨਜ਼ਰ ਆ ਰਹੇ ਹਨ।

ਰੋਹਿਤ ਇਸ ਮੈਚ ‘ਚ ਬੱਲੇ ਨਾਲ ਪੂਰੀ ਤਰ੍ਹਾਂ ਅਸਫਲ ਰਹੇ। ਦੋਵਾਂ ਪਾਰੀਆਂ ‘ਚ ਉਸ ਦਾ ਬੱਲਾ ਕੰਮ ਨਹੀਂ ਕਰ ਸਕਿਆ। ਹਾਲਾਂਕਿ ਰੋਹਿਤ ਨੇ ਕਪਤਾਨੀ ‘ਚ ਚੰਗਾ ਪ੍ਰਦਰਸ਼ਨ ਕੀਤਾ ਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ ਪਰ ਸਟੰਪਸ ਨਾਲ ਉਸ ਦਾ ਜਾਦੂ ਕਰਨਾ ਫਿਲਹਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਰੋਹਿਤ ਦੀ ਵੀਡੀਓ ‘ਚ ਉਹ ਓਵਰ ਖ਼ਤਮ ਹੋਣ ਦੌਰਾਨ ਸਟੰਪ ਦੇ ਨੇੜੇ ਆਉਂਦਾ ਹੈ ਅਤੇ ਗਿੱਲੀਆਂ ਬਦਲਣਾ ਸ਼ੁਰੂ ਕਰ ਦਿੰਦਾ ਹੈ। ਉਹ ਕਾਫੀ ਦੇਰ ਤਕ ਅਜਿਹਾ ਕਰਦਾ ਹੈ ਅਤੇ ਫਿਰ ਸਲਿੱਪ ’ਤੇ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਆਪਣੇ ਮੂੰਹ ਨਾਲ ਹੱਥਾਂ ‘ਤੇ ਫੂਕ ਮਾਰ ਕੇ ਸਟੰਪਾਂ ਵੱਲ ਸੁੱਟ ਦਿੰਦਾ ਹੈ, ਜਿਵੇਂ ਕੋਈ ਜਾਦੂਗਰ ਕਰਦਾ ਹੈ। ਹਾਲਾਂਕਿ ਰੋਹਿਤ ਇਹ ਸਭ ਮਸਤੀ ‘ਚ ਕਰ ਰਿਹਾ ਸੀ।

ਵੈਸੇ ਤਾਂ ਕ੍ਰਿਕਟ ‘ਚ ਇਹ ਚਾਲ ਕਈ ਵਾਰ ਦੇਖਣ ਨੂੰ ਮਿਲੀ ਹੈ ਕਿ ਜੇ ਫੀਲਡਿੰਗ ਕਰਨ ਵਾਲੀ ਟੀਮ ਨੂੰ ਵਿਕਟ ਨਹੀਂ ਮਿਲ ਰਹੀ ਤਾਂ ਉਸ ਦੇ ਖਿਡਾਰੀ ਗਿੱਲੀਆਂ ਦੀ ਅਦਲਾ-ਬਦਲੀ ਕਰਦੇ ਹਨ ਤੇ ਫਿਰ ਟੀਮ ਨੂੰ ਵਿਕਟ ਮਿਲ ਜਾਂਦੀ ਹੈ। ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੂੰ ਕਈ ਵਾਰ ਮੈਦਾਨ ‘ਤੇ ਅਜਿਹਾ ਕਰਦੇ ਦੇਖਿਆ ਗਿਆ ਹੈ ਅਤੇ ਉਹ ਸਫਲ ਵੀ ਹੋਇਆ ਹੈ।

ਭਾਰਤ ਅਤੇ ਬੰਗਲਾਦੇਸ਼ (IND Vs BAN) ਵਿਚਾਲੇ ਦੂਜਾ ਟੈਸਟ ਮੈਚ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਜਿੱਤ ਕੇ ਭਾਰਤ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗਾ। ਰੋਹਿਤ ਦੀ ਨਜ਼ਰ ਇਸ ਮੈਚ ‘ਚ ਵੱਡੀ ਪਾਰੀ ਖੇਡਣ ‘ਤੇ ਹੋਵੇਗੀ। ਇਸ ਮੈਚ ‘ਚ ਰੋਹਿਤ ਹੀ ਨਹੀਂ, ਵਿਰਾਟ ਕੋਹਲੀ ‘ਤੇ ਵੀ ਨਜ਼ਰਾਂ ਹੋਣਗੀਆਂ। ਚੇਨਈ ਟੈਸਟ ‘ਚ ਉਨ੍ਹਾਂ ਦੇ ਦੋਵੇਂ ਬੱਲੇ ਫੇਲ੍ਹ ਰਹੇ ਸਨ।

India Sports