ਜੰਮੂ – ਪੰਜ ਸਾਲ ਪਹਿਲਾਂ ਪੁਲਵਾਮਾ (Pulwama Attack) ਜ਼ਿਲ੍ਹੇ ‘ਚ ਸੀਆਰਪੀਐੱਫ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਦੇ ਮੁਲਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਕਾਕਾਪੋਰਾ ਦੇ ਹਾਜੀਬਲ ਪਿੰਡ ਦਾ ਬਿਲਾਲ ਅਹਿਮਦ ਕੁਚੇ ਉਨ੍ਹਾਂ 19 ਲੋਕਾਂ ‘ਚ ਸ਼ਾਮਲ ਸੀ ਜਿਨ੍ਹਾਂ ਉੱਪਰ ਪੁਲਵਾਮਾ ਹਮਲੇ ਦਾ ਦੋਸ਼ ਸੀ।
ਅਧਿਕਾਰੀਆਂ ਮੁਤਾਬਕ ਕੁਚੇ ਨੂੰ 17 ਸਤੰਬਰ ਨੂੰ ਕਿਸ਼ਤਵਾੜ ਜ਼ਿਲ੍ਹਾ ਜੇਲ੍ਹ ‘ਚ ਬਿਮਾਰ ਹੋਣ ਤੋਂ ਬਾਅਦ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਨੇ ਦੱਸਿਆ ਕਿ ਸੋਮਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਰਾਸ਼ਟਰੀ ਜਾਂਚ ਏਜੰਸੀ (NIA) ਨੇ 25 ਅਗਸਤ 2020 ਨੂੰ ਪੁਲਵਾਮਾ ਮਾਮਲੇ ‘ਚ ਕੁਚੇ ਤੇ 18 ਹੋਰ ਮੁਲਜ਼ਮ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਉਹ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸੱਤ ਮੁਲਜ਼ਮਾਂ ‘ਚ ਸ਼ਾਮਲ ਸੀ। ਬਿਲਾਲ ਅਹਿਮਦ ਕੁਚੇ ਤੇ ਹੋਰ ਦੋਸ਼ੀ ਸ਼ਾਕਿਰ ਬਸ਼ੀਰ, ਇੰਸ਼ਾ ਜਾਨ ਅਤੇ ਪੀਰ ਤਾਰਿਕ ਅਹਿਮਦ ਸ਼ਾਹ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਰਸਦ ਮੁਹੱਈਆ ਕਰਵਾਇਆ ਸੀ ਤੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਪਨਾਹ ਦਿੱਤੀ ਸੀ।
14 ਫਰਵਰੀ, 2019 ਨੂੰ, ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਨੇ ਪੁਲਵਾਮਾ ਦੇ ਲੇਥਪੋਰਾ ‘ਚ ਸੀਆਰਪੀਐਫ ਦੇ ਕਾਫ਼ਲੇ ‘ਚ ਵਿਸਫੋਟਕਾਂ ਨਾਲ ਭਰੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਤੇ ਅੱਠ ਜ਼ਖ਼ਮੀ ਹੋ ਗਏ।