ਨਵੀਂ ਦਿੱਲੀ –ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 32 ਦਿਨਾਂ ਦੇ ਅੰਦਰ ਦੂਜੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ਲੈਂਸਕੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੇ ਤੀਜੇ ਦਿਨ ਸੋਮਵਾਰ ਨੂੰ ਨਿਊਯਾਰਕ ਵਿੱਚ ਵਲੋਦੋਮੀਰ ਜ਼ਲੈਂਸਕੀ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ 23 ਅਗਸਤ ਨੂੰ ਯੂਕਰੇਨ ਦੇ ਦੌਰੇ ਦੌਰਾਨ ਪੀਐਮ ਮੋਦੀ ਨੇ ਜ਼ਲੈਂਸਕੀ ਨਾਲ ਮੁਲਾਕਾਤ ਕੀਤੀ ਸੀ।
ਪੀਐਮ ਮੋਦੀ ਰੂਸ-ਯੂਕਰੇਨ ਵਿਵਾਦ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਇਸ ਮੁੱਦੇ ‘ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੀ ਸੰਪਰਕ ‘ਚ ਹਨ। ਰੂਸ-ਯੂਕਰੇਨ ਜੰਗ ਵਿੱਚ ਭਾਰਤ ਸ਼ਾਂਤੀ ਅਤੇ ਜੰਗਬੰਦੀ ਲਈ ਪਹਿਲ ਕਰ ਰਿਹਾ ਹੈ।
ਪੀਐਮ ਮੋਦੀ ਨੇ ਆਪਣੇ ਅਧਿਕਾਰਤ ਐਕਸ ਅਕਾਉਂਟ ‘ਤੇ ਲਿਖਿਆ ਕਿ ਉਨ੍ਹਾਂ ਨੇ ਨਿਊਯਾਰਕ ਵਿੱਚ ਰਾਸ਼ਟਰਪਤੀ ਜ਼ਲੈਂਸਕੀ ਨਾਲ ਮੁਲਾਕਾਤ ਕੀਤੀ। ਅਸੀਂ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਮਹੀਨੇ ਯੂਕਰੇਨ ਦੇ ਦੌਰੇ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ। ਪੀਐਮ ਮੋਦੀ ਨੇ ਰੂਸ-ਯੂਕਰੇਨ ਵਿਵਾਦ ਦੇ ਹੱਲ ਅਤੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ।
ਇਸ ਦੌਰਾਨ ਜ਼ਲੈਂਸਕੀ ਨੇ ਪੀਐਮ ਮੋਦੀ ਦੇ ਯੂਕਰੇਨ ਦੌਰੇ ਦੀ ਤਾਰੀਫ਼ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਜੰਗ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਪ੍ਰਗਟਾਇਆ। ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਜ਼ੇਲੇਂਸਕੀ ਨੂੰ ਕਿਹਾ ਕਿ ਜੰਗਬੰਦੀ ਦਾ ਰਸਤਾ ਲੱਭਿਆ ਜਾਣਾ ਚਾਹੀਦਾ ਹੈ। ਉਹ ਇਸ ਮੁੱਦੇ ‘ਤੇ ਹੋਰ ਵੀ ਕਈ ਆਗੂਆਂ ਨਾਲ ਗੱਲਬਾਤ ਕਰਦੇ ਰਹਿਣਗੇ।
ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ‘ਚ ਬ੍ਰਿਕਸ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ। ਦੋਵਾਂ ਨੇਤਾਵਾਂ ਵਿਚਾਲੇ ਜੰਗਬੰਦੀ ਦੇ ਮੁੱਦੇ ‘ਤੇ ਗੱਲਬਾਤ ਦੀ ਉਮੀਦ ਹੈ। ਅਕਤੂਬਰ ਵਿੱਚ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਬ੍ਰਿਕਸ ਸੰਮੇਲਨ ਹੋਵੇਗਾ। ਪੀਐਮ ਮੋਦੀ ਪਹਿਲਾਂ ਹੀ ਪੁਤਿਨ ਨੂੰ ਕਹਿ ਚੁੱਕੇ ਹਨ ਕਿ ਇਹ ਯੁੱਧ ਦਾ ਦੌਰ ਨਹੀਂ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਹਾਲ ਹੀ ‘ਚ ਪੀਐੱਮ ਮੋਦੀ ਦਾ ਸੰਦੇਸ਼ ਲੈ ਕੇ ਰੂਸ ਪਹੁੰਚੇ ਸਨ। ਉਨ੍ਹਾਂ ਨੇ ਪੀਐਮ ਮੋਦੀ ਦਾ ਸੰਦੇਸ਼ ਪੁਤਿਨ ਨਾਲ ਸਾਂਝਾ ਕੀਤਾ ਸੀ। ਇਸ ਦਾ ਵੀਡੀਓ ਪੂਰੀ ਦੁਨੀਆ ‘ਚ ਵਾਇਰਲ ਹੋ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਜ਼ਲੈਂਸਕੀ ਵੀ ਸਾਲ ਦੇ ਅੰਤ ਤੱਕ ਭਾਰਤ ਦਾ ਦੌਰਾ ਕਰ ਸਕਦੇ ਹਨ। ਪੁਤਿਨ ਦਾ ਇਹ ਵੀ ਕਹਿਣਾ ਹੈ ਕਿ ਉਹ ਯੂਕਰੇਨ ਦੇ ਮੁੱਦੇ ‘ਤੇ ਭਾਰਤ ਦੇ ਸੰਪਰਕ ‘ਚ ਹਨ।
ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨੇ ਕਿਹਾ ਕਿ ਇਸ ਸਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਤੀਜੀ ਦੁਵੱਲੀ ਮੁਲਾਕਾਤ ਹੈ। ਅਸੀਂ ਸਰਗਰਮੀ ਨਾਲ ਆਪਣੇ ਸਬੰਧਾਂ ਨੂੰ ਵਿਕਸਤ ਕਰ ਰਹੇ ਹਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ। ਜ਼ਲੈਸਕੀ ਨੇ ਅੱਗੇ ਕਿਹਾ ਕਿ ਸਾਡੀ ਗੱਲਬਾਤ ਦਾ ਮੁੱਖ ਫੋਕਸ ਅੰਤਰਰਾਸ਼ਟਰੀ ਫੋਰਮਾਂ, ਖਾਸ ਤੌਰ ‘ਤੇ ਸੰਯੁਕਤ ਰਾਸ਼ਟਰ ਅਤੇ ਜੀ-20 ਵਿੱਚ ਸਾਡੀ ਗੱਲਬਾਤ ਨੂੰ ਵਧਾਉਣ ਦੇ ਨਾਲ-ਨਾਲ ਸ਼ਾਂਤੀ ਫਾਰਮੂਲੇ ਨੂੰ ਲਾਗੂ ਕਰਨ ਅਤੇ ਦੂਜੇ ਸ਼ਾਂਤੀ ਸੰਮੇਲਨ ਦੀ ਤਿਆਰੀ ‘ਤੇ ਸੀ। ਅਸੀਂ ਉਪਲਬਧ ਮੌਕਿਆਂ ‘ਤੇ ਠੋਸ ਚਰਚਾ ਕੀਤੀ। ਮੈਂ ਸਾਡੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਪੱਸ਼ਟ ਸਮਰਥਨ ਲਈ ਧੰਨਵਾਦੀ ਹਾਂ।