ਮਾਸਕੋ (ਏਪੀ) –ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਰੂਸੀ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਇਸ ਵਿਚ ਦੋ ਰੂਸੀ ਤੇ ਇਕ ਅਮਰੀਕੀ ਪੁਲਾੜ ਯਾਤਰੀ ਹੈ। ਇਨ੍ਹਾਂ ’ਚੋਂ ਦੋ ਪੁਲਾੜ ਯਾਤਰੀ ਰਿਕਾਰਡ ਲੰਬੇ ਸਮੇਂ ਤੱਕ ਆਈਐੱਸਐੱਸ ’ਤੇ ਰਹਿਣ ਤੋਂ ਬਾਅਦ ਵਾਪਸੀ ਕਰ ਰਹੇ ਹਨ। ਰੂਸੀ ਓਲੇਗ ਕੋਨੋਨੈਂਕੋ ਤੇ ਨਿਕੋਲਾਈ ਚੂਬ ਤੇ ਅਮਰੀਕੀ ਟ੍ਰੈਸੀ ਡਾਇਸਨ ਨੂੰ ਲਿਜਾਣ ਵਾਲੇ ਕੈਪਸੂਲ ਦੇ ਕਜ਼ਾਕਿਸਤਾਨ ਸਟੈੱਪ ’ਚ ਉਤਰਨ ਦੀ ਉਮੀਦ ਹੈ। ਕੋਨੋਨੈਂਕੋ ਤੇ ਚੂਬ ਨੇ 15 ਸਤੰਬਰ 2023 ਨੂੰ ਪੁਲਾੜ ਸਟੇਸ਼ਨ ਲਈ ਉ਼ਡਾਣ ਭਰੀ ਸੀ ਤੇ ਆਈਐੱਸਐੱਸ ’ਤੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਮਿਸ਼ਨ ਦਾ ਰਿਕਾਰਡ ਬਣਾਇਆ।
ਉਥੇ ਹੀ, ਆਪਣੇ ਤੀਜੇ ਮਿਸ਼ਨ ’ਚ ਡਾਇਸਨ ਨੇ ਛੇ ਮਹੀਨੇ ਪੁਲਾੜ ’ਚ ਬਿਤਾਏ। ਅੱਠ ਪੁਲਾੜ ਯਾਤਰੀ ਪੁਲਾੜ ਸਟੇਸ਼ਨ ’ਤੇ ਬਚੇ ਹਨ, ਜਿਨ੍ਹਾਂ ’ਚ ਬੁਚ ਵਿਲਮੋਰ ਤੇ ਭਾਰਤਵੰਸ਼ੀ ਸੁਨੀਤਾ ਵਿਲੀਅਮਸ ਵੀ ਸ਼ਾਮਲ ਹਨ, ਜੋ ਧਰਤੀ ’ਤੇ ਵਾਪਸੀ ਦੀ ਉਡੀਕ ਕਰ ਰਹੇ ਹਨ। ਉਹ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਦੀ ਪਹਿਲੀ ਚਾਲਕ ਟੀਮ ਦੇ ਤੌਰ ’ਤੇ ਜੂਨ ’ਚ ਉਥੇ ਗਏ ਸਨ, ਪਰ ਉਨ੍ਹਾਂ ਦੀ ਯਾਤਰਾ ਥਰੱਸਟਰ ਸਮੱਸਿਆਵਾਂ ਤੇ ਹੀਲੀਅਮ ਲੀਕ ਹੋਣ ਕਾਰਨ ਰੁੱਕ ਗਈ ਸੀ। ਨਾਸਾ ਨੇ ਕਿਹਾ ਸੀ ਕਿ ਸਟਾਰਲਾਈਨਰ ’ਤੇ ਉਨ੍ਹਾਂ ਦੀ ਵਾਪਸੀ ’ਚ ਖ਼ਤਰਾ ਹੋ ਸਕਦਾ ਹੈ, ਇਸ ਲਈ ਹੁਣ ਉਨ੍ਹਾਂ ਨੂੰ ਅਗਲੇ ਸਾਲ ਵਾਪਸ ਲਿਆਂਦਾ ਜਾਵੇਗਾ।