ਕਾਂਗਰਸ ਦਾ ਪਰਦਾਫਾਸ਼ ਕਰਾਂਗੇ: ਸੁਖਬੀਰ

ਕਾਂਗਰਸ ਦਾ ਪਰਦਾਫਾਸ਼ ਕਰਾਂਗੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦਾ ‘ਪਰਦਾਫਾਸ਼’ ਕਰਨ ਅਤੇ ਸੂਬੇ ਦੀ ਬਿਹਤਰੀ ਦਾ ਏਜੰਡਾ ਤਿਆਰ ਕਰਨ ਲਈ ਸੂਬੇ ਦੀ 100 ਰੋਜ਼ਾ ਯਾਤਰਾ ਦਾ ਆਗਾਜ਼ ਭਲਕੇ ਜ਼ੀਰਾ ਤੋਂ ਹੋਵੇਗਾ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 100 ਦਿਨਾਂ ਵਿਚ 100 ਹਲਕਿਆਂ ਦੀ ਯਾਤਰਾ ਕਰਨਗੇ ਤੇ ‘ਭ੍ਰਿਸ਼ਟ’ ਕਾਂਗਰਸ ਸਰਕਾਰ ਨੂੰ ਬੇਨਕਾਬ ਕਰਨਗੇ। ਉਨ੍ਹਾਂ ਕਾਂਗਰਸ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵੀ ‘ਚਾਰਜਸ਼ੀਟ’ ਜਾਰੀ ਕੀਤੀ।

ਉਨ੍ਹਾਂ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਯਾਤਰਾ ਦੌਰਾਨ 700 ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ਅਤੇ ਸਮਾਜ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਸੁਣਨਗੇ। ਇਸ ਤੋਂ ਇਲਾਵਾ ਸੂਬੇ ਦੇ ਹਰ ਪਿੰਡ ਤੇ ਹਰ ਵਾਰਡ ਵਿਚ ਅਕਾਲੀ ਵਰਕਰਾਂ ਨਾਲ ਰਾਬਤਾ ਕਾਇਮ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਨੇ ਇਕ ਨੰਬਰ ਵੀ ਜਾਰੀ ਕੀਤਾ, ਜਿਸ ’ਤੇ ਫੋਨ ਕਰ ਕੇ ਲੋਕ ਪਾਰਟੀ ਦੀ ਮੁਹਿੰਮ ਵਿਚ ਵੀ ਸ਼ਾਮਲ ਹੋ ਸਕਦੇ ਹਨ ਤੇ ਪਾਰਟੀ ਨਾਲ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹਨ। ਇਸ ਮੌਕੇ ਲੋਕਾਂ ਦੇ ਸੁਝਾਅ ਲੈਣ ਲਈ ਵੈੱਬਸਾਈਟ ਵੀ ਲਾਂਚ ਕੀਤੀ ਗਈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 6500 ਕਰੋੜ ਰੁਪਏ ਦੇ ਆਬਕਾਰੀ ਘੁਟਾਲੇ, ਪੰਜ ਮੰਤਰੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਤੇ ਹੋਰ ਮਾਮਲਿਆਂ ਵਿਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

ਉਨ੍ਹਾਂ ਦੋਸ਼ ਲਾਇਆ ਕਿ ਸਾਧੂ ਸਿੰਘ ਧਰਮਸੋਤ ਐੱਸਸੀ ਸਕਾਲਰਸ਼ਿਪ ਘੁਟਾਲੇ ਵਿਚ ਸ਼ਾਮਲ ਹੈ, ਸੁਖਜਿੰਦਰ ਸਿੰਘ ਰੰਧਾਵਾ ਬੀਜ ਘੁਟਾਲੇ ਵਿਚ, ਬਲਬੀਰ ਸਿੱਧੂ ਕਰੋਨਾ ਸਾਮਾਨ ਤੇ ਨਸ਼ਾ ਛੁਡਾਊ ਗੋਲੀਆਂ ਦੀ ਖ਼ਰੀਦ ਦੇ ਘੁਟਾਲੇ ਵਿਚ, ਭਾਰਤ ਭੂਸ਼ਣ ਆਸ਼ੂ ਕਣਕ ਘੁਟਾਲੇ ਵਿਚ ਤੇ ਸ਼ਿਆਮ ਸੁੰਦਰ ਅਰੋੜਾ ਜੇਸੀਟੀ ਜ਼ਮੀਨ ਘੁਟਾਲੇ ਵਿਚ ਸ਼ਾਮਲ ਹਨ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਤਬਾਹ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਵਿਕਾਸ ਲਈ ਕੁਝ ਨਹੀਂ ਕੀਤਾ। ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕੀਤੀ ਗਈ ਤੇ ਸਰਕਾਰੀ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਦਾ ਕੰਮ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਤੇ ਬਿਨਾਂ ਨਸ਼ਾ ਖ਼ਤਮ ਕੀਤੇ, 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ਼ ਕੀਤੇ ਤੇ ਘਰ-ਘਰ ਨੌਕਰੀ ਦਿੱਤੇ ਬਗੈਰ ਇਹ ਤੋੜ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਕਿ ਉਹ ਕਾਂਗਰਸ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਨਗੇ ਪਰ ਦਿਨਾਂ ਵਿਚ ਹੀ ਇਹ ਤੋੜ ਦਿੱਤੀ। ਬਾਦਲ ਨੇ ‘ਆਪ’ ਦੇ ਪੰਜਾਬ ਵਿਚ ਕਨਵੀਨਰ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸੇਧਿਆ। ਬਾਦਲ ਨੇ ਕਿਹਾ ਕਿ ਇਕੱਲਾ ਅਕਾਲੀ ਦਲ ਹੈ ਜੋ ਪੰਜਾਬੀਆਂ ਦੀਆਂ ਖੇਤਰੀ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਜਦਕਿ ਕਾਂਗਰਸ ਤੇ ‘ਆਪ’ ਦੋਵਾਂ ਨੇ ਇਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਾਂਗਰਸ ਦੀ ਸੂਬਾ ਇਕਾਈ ਨੂੰ ਗਾਂਧੀ ਪਰਿਵਾਰ ਤੋਂ ਹਦਾਇਤਾਂ ਮਿਲਦੀਆਂ ਹਨ ਜਿਨ੍ਹਾਂ ਦਾ ਹਮੇਸ਼ਾ ਪੰਜਾਬ ਵਿਰੋਧੀ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਏਪੀਐਮਸੀ ਐਕਟ ਵੀ ਸੋਧ ਦਿੱਤਾ, ਕਰੋਨਾ ਸੰਕਟ ਵੇਲੇ ਵੀ ਕੁਪ੍ਰਬੰਧਨ ਕੀਤਾ ਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨਾ ਕਰ ਕੇ ਕਿਸਾਨਾਂ ਨਾਲ ਵੀ ਕਰੂਰਤਾ ਵਿਖਾਈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਐੱਸਵਾਈਐਸ ਦੇ ਮਾਮਲੇ ’ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਖੋ-ਵੱਖ ਸਟੈਂਡ ਲਏ। ਉਨ੍ਹਾਂ ਕਿਹਾ ਕਿ ਉਨ੍ਹਾਂ ਪਰਾਲੀ ਸਾੜਨ ਦੇ ਮਾਮਲੇ ਵਿਚ ਵੀ ਪੰਜਾਬ ਵਿਰੋਧੀ ਸਟੈਂਡ ਲਿਆ ਤੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਅਰਜ਼ੀ ਵੀ ਦਾਇਰ ਕੀਤੀ। ਸੁਖਬੀਰ ਨੇ ਕਿਹਾ ਕਿ 200 ਯੂਨਿਟ ਮੁਫ਼ਤ ਬਿਜਲੀ ਸਕੀਮ ਵੀ ਫਰਾਡ ਹੈ ਕਿਉਂਕਿ ਦਿੱਲੀ ਦੇ 90 ਫੀਸਦੀ ਨਾਗਰਿਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਜੇਕਰ ਇਕ ਯੂਨਿਟ ਵੀ ਵੱਧ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਸਾਰਾ ਬਿੱਲ ਭਰਨਾ ਪੈ ਰਿਹਾ ਹੈ।

Punjab