ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਨ ਤੇ ਉਨ੍ਹਾਂ ਦਾ ਸਿਆਸੀ ਕਤਲ ਕਰਨ ਦਾ ਦੋਸ਼ ਲਾਇਆ ਹੈ। ਅਕਾਲੀ ਆਗੂ ਸਰਬਜੀਤ ਸਿੰਘ ਮੱਕੜ ਨੇ ਇਹ ਟਿੱਪਣੀ ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਅਤੇ ਜਲੰਧਰ ਛਾਉਣੀ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕੀਤੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਚਾਰ ਦਿਨ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਸਨ, ਜਿਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਤਕੜੇ ਹੋ ਕੇ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਵਿੱਚ ਕੰਮ ਕਰਨ। ਸ੍ਰੀ ਮੱਕੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਸੁਖਬੀਰ ਬਾਦਲ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਜਗਬੀਰ ਬਰਾੜ ਅਕਾਲੀ ਵਰਕਰਾਂ ਨੂੰ ਦਲ ਵਿੱਚ ਵਾਪਸੀ ਦੇ ਸੁਨੇਹੇ ਲਾ ਰਿਹਾ ਹੈ, ਜਿਸ ’ਤੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਵਿਸ਼ਵਾਸਘਾਤ ਨਹੀਂ ਹੈ? ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਛਾਉਣੀ ਹਲਕੇ ਦੇ ਅਕਾਲੀ ਵਰਕਰਾਂ ਨਾਲ ਧ੍ਰੋਹ ਕਮਾਇਆ ਹੈ।
ਜਲੰਧਰ ਛਾਉਣੀ ਤੋਂ ਹੀ ਚੋਣ ਲੜਨ ਦਾ ਐਲਾਨ
ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਨਹੀਂ ਦਿਖਾਈ ਸੀ ਤੇ ਹਰ ਵੇਲੇ ਪਾਰਟੀ ਦੇ ਨਾਲ ਖੜ੍ਹੇ ਸਨ। ਉਨ੍ਹਾਂ ਅਤੇ ਪਾਰਟੀ ਵਰਕਰਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਹੜੇ ਆਗੂ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ, ਉਹ ਫਿਰ ਅਕਾਲੀ ਦਲ ਵਿੱਚ ਆ ਗਿਆ ਹੈ। ਸ੍ਰੀ ਮੱਕੜ ਨੇ ਕਿਹਾ ਕਿ ਉਹ ਜਲੰਧਰ ਛਾਉਣੀ ਤੋਂ ਚੋਣ ਜ਼ਰੂਰ ਲੜਨਗੇ, ਪਰ ਉਹ ਕਿਹੜੀ ਪਾਰਟੀ ਵੱਲੋਂ ਚੋਣ ਲੜਨਗੇ, ਇਸ ਬਾਰੇ ਉਨ੍ਹਾਂ ਖੁਲਾਸਾ ਨਹੀਂ ਕੀਤਾ।