ਸ਼ਹੀਦ ਊਧਮ ਸਿੰਘ ਦੇ ਬੁੱਤ ਬਾਰੇ ਛਿੜਿਆ ਨਵਾਂ ਵਿਵਾਦ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿੱਚ ਲੋਕ ਅਰਪਣ ਕੀਤਾ ਗਿਆ ਸ਼ਹੀਦ ਦਾ ਬੁੱਤ ਸਥਾਪਤੀ ਵਾਲੇ ਦਿਨ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਹਿਲਾਂ ‘ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ’ ਨੇ ਬੁੱਤ ਦੇ ਮੁਹਾਂਦਰੇ ਅਤੇ ਊਧਮ ਸਿੰਘ ਦੀਆਂ ਅਸਲ ਤਸਵੀਰਾਂ ਵਿਚਲੇ ਮੁਹਾਂਦਰੇ ਨੂੰ ਬੇਮੇਲ ਦੱਸਿਆ ਸੀ ਅਤੇ ਹੁਣ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਸਮੇਤ ਹੋਰ ਸੰਸਥਾਵਾਂ ਨੇ ਦੋਸ਼ ਲਾਇਆ ਹੈ ਕਿ ਇਸ ਬੁੱਤ ਦੇ ਹੱਥ ਵਿੱਚ ਫੜੀ ਕਿਤਾਬ ’ਤੇ ਉਕਰੇ ਧਾਰਮਿਕ ਚਿੰਨ੍ਹ ਰਾਹੀਂ ਬੁੱਤ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਮੌਕੇ ਕਮੇਟੀ ਦੇ ਪ੍ਰਧਾਨ ਮਾਸਟਰ ਕੇਹਰ ਸਿੰਘ, ਗਿਆਨੀ ਜੰਗੀਰ ਸਿੰਘ ਰਤਨ, ਜਥੇਦਾਰ ਕੇਸਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਲੇਬਰ ਵਿੰਗ ਸੰਗਰੂਰ ਦੇ ਪ੍ਰਧਾਨ ਮਨਜੀਤ ਸਿੰਘ ਕੁੱਕੂ, ਵਿਸ਼ਵਕਰਮਾ ਕਾਰਪੇਂਟਰ ਐਂਡ ਇਮਾਰਤੀ ਪੇਂਟਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਸਮਾਜ ਸੇਵਕ ਸੁਰਿੰਦਰ ਸਿੰਘ ਸਿੱਧੂ, ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਹਰਪਾਲ ਸਿੰਘ ਪਾਲਾ, ਅਵਤਾਰ ਸਿੰਘ ਤਾਰੀ, ਭੋਲਾ ਸਿੰਘ ਸੰਗਰਾਮੀ, ਤਰਸੇਮ ਸਿੰਘ ਮਹਿਰੋਕ ਅਤੇ ਗੁਰਬਚਨ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਮੈਮੋਰੀਅਲ ਵਿੱਚ ਲੱਗੇ ਸ਼ਹੀਦ ਦੇ ਹੱਥ ਵਿੱਚ ਫੜੀ ਕਿਤਾਬ ’ਤੇ ਧਾਰਮਿਕ ਚਿੰਨ੍ਹ ਬਣਾ ਕੇ ਇਸ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਊਧਮ ਸਿੰਘ ਧਰਮ ਨਿਰਪੱਖ ਸੋਚ ਦੇ ਧਾਰਨੀ ਸਨ। ਇਸੇ ਲਈ ਉਨ੍ਹਾਂ ਆਪਣਾ ਨਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਰੱਖਿਆ ਸੀ। ਊਧਮ ਸਿੰਘ ਨੂੰ ਇੱਕ ਧਰਮ ਵਿਸ਼ੇਸ਼ ਨਾਲ ਜੋੜਨਾ ਡੂੰਘੀ ਸਾਜਿਸ਼ ਦਾ ਹਿੱਸਾ ਹੈ, ਜਿਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਊਧਮ ਸਿੰਘ ਜਿਸ ਕਿਤਾਬ ਵਿੱਚ ਰਿਵਾਲਵਰ ਲੈ ਕੇ ਗਏ ਸਨ ਉਹ ਧਾਰਮਿਕ ਪੁਸਤਕ ਨਹੀਂ ਸੀ, ਪਰ ਇਸ ਬੁੱਤ ਦੇ ਹੱਥ ਵਿੱਚ ਫੜੀ ਪੁਸਤਕ ’ਤੇ ਹਿੰਦੂ ਧਰਮ ਦਾ ਚਿੰਨ੍ਹ ਉਕਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਲੋਕਾਂ ਵਿੱਚ ਕੋਈ ਫ਼ਿਰਕੂ ਤਣਾਅ ਪੈਦਾ ਹੋਵੇ, ਇਸ ਨੂੰ ਬਦਲ ਦੇਣਾ ਚਾਹੀਦਾ ਹੈ।