ਤਾਲਿਬਾਨੀ ਲੜਾਕੇ ਕਲਾਸ਼ਨੀਕੋਵ ਲਈ ਕਾਬੁਲ ’ਚ ਘੁੰਮਣ ਲੱਗੇ

ਕਾਬੁਲ ਹਵਾਈ ਅੱਡੇ ’ਤੇ ਲੱਗੀ ਭੀੜ ਤੇ ਕਿਸੇ ਵੀ ਕੀਮਤ ’ਤੇ ਮੁਲਕ ’ਚੋਂ ਬਾਹਰ ਨਿਕਲਣ ਦੀ ਲੋਕਾਂ ਦੀ ਬੇਚੈਨੀ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਤਾਲਿਬਾਨ ਦੀ ਹਕੂਮਤ ਵਿੱਚ ਜ਼ਿੰਦਗੀ ਆਸਾਨ ਨਹੀਂ ਹੋਵੇਗੀ। ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਾਬਜ਼ ਹੋਣ ਮਗਰੋਂ ਕਾਬੁਲ ਵਿੱਚ ਡਰੈੱਸ ਕੋਡ ਵੀ ਬਦਲ ਗਿਆ ਹੈ। ਜ਼ਿਆਦਾਤਰ ਵਿਅਕਤੀ ਸਲਵਾਰ ਕਮੀਜ਼ਾਂ ਵਿੱਚ ਨਜ਼ਰ ਆਉਣ ਲੱਗੇ ਹਨ। ਜੀਨਸ ਤੇ ਟੀ-ਸ਼ਰਟ ਪਾਈ ਕੋਈ ਵਿਰਲਾ ਹੀ ਨਜ਼ਰ ਆਉਂਦਾ ਹੈ ਜਦੋਂਕਿ ਇਕ ਹਫ਼ਤੇ ਪਹਿਲਾਂ ਇਹ ਪਹਿਰਾਵਾ ਆਮ ਸੀ। ਪਿਛਲੇ ਇਕ ਹਫ਼ਤੇ ਦੌਰਾਨ ਔਰਤਾਂ ਦੀ ਮੌਜੂਦਗੀ ਨੂੰ ਲੈ ਕੇ ਵੀ ਵੱਡੀ ਤਬਦੀਲੀ ਆਈ ਹੈ। ਕਾਬੁਲ ਵਿੱਚ ਪਿਛਲੇ ਦਿਨਾਂ ਦੌਰਾਨ ਜੀਨ ਪਾਈ ਔਰਤਾਂ ਨੂੰ ਕਾਬੁਲ ਦੀਆਂ ਸੜਕਾਂ ’ਤੇ ਆਮ ਵੇਖਿਆ ਜਾ ਸਕਦਾ ਸੀ, ਜਿਹੜੀਆਂ ਹੁਣ ਸਿਰ ’ਤੇ ਨਕਾਬ/ਹਿਜਾਬ ਤੇ ਬੁਰਕੇ ਵਿੱਚ ਨਜ਼ਰ ਆਉਣ ਲੱਗੀਆਂ ਹਨ। ਤਾਲਿਬਾਨ ਨੇ ਹਾਲਾਂਕਿ ਵਾਅਦਾ ਕੀਤਾ ਹੈ ਕਿ ਕਿਸੇ ਖ਼ਿਲਾਫ਼ ਕੋਈ ਹਿੰਸਾ ਨਹੀਂ ਕੀਤੀ ਜਾਵੇਗੀ, ਪਰ ਕਾਬੁਲ ਵਿੱਚ ਰਹਿੰਦੇ ਲੋਕ ਹਰ ਕਦਮ ਫੂਕ ਫੂਕ ਕੇ ਰੱਖ ਰਹੇ ਹਨ। ਕਲਾਸ਼ਨੀਕੋਵ ਲਈ ਤਾਲਿਬਾਨੀ ਲੜਾਕੇ ਕਾਬੁਲ ਦੀਆਂ ਸੜਕਾਂ ’ਤੇ ਸੁਰੱਖਿਆ ਵਾਹਨਾਂ ਤੇ ਮੋਟਰਸਾਈਕਲਾਂ ਉੱਤੇ ਆਮ ਘੁੰਮਦੇ ਦਿਸਦੇ ਹਨ। ਇਨ੍ਹਾਂ ਲੜਾਕਿਆਂ ਨੇ ਅਫ਼ਗ਼ਾਨ ਪੁਲੀਸ ਤੇ ਸੁਰੱਖਿਆ ਬਲਾਂ ਦੀਆਂ ਡਿਊਟੀਆਂ ਸਾਂਭ ਲਈਆਂ ਹਨ। ਅਮਰੀਕੀ ਅੰਬੈਸੀ, ਜੋ ਹੁਣ ਖਾਲੀ ਹੈ, ਦੇ ਅਹਾਤੇ ਵਿਚਲੇ ਗੇਟ ’ਤੇ ਹਥਿਆਰਬੰਦ ਤਾਲਿਬਾਨੀ ਤਾਇਨਾਤ ਹਨ। ਕੌਮੀ ਸੁਲ੍ਹਾ-ਸਫ਼ਾਈ ਬਾਰੇ ਹਾਈ ਕੌਂਸਲ ਦੇ ਮੁਖੀ ਅਬਦੁੱਲਾ ਅਬਦੁੱਲਾ ਦੇ ਘਰ ਦੇ ਬਾਹਰ ਵੀ ਵੱਡੀ ਗਿਣਤੀ ਤਾਲਿਬਾਨੀ ਲੜਾਕੇ ਮੌਜੂਦ ਹਨ।