ਤਾਲਿਬਾਨ ਵੱਲੋਂ ‘ਮੁਆਫ਼ੀ’ ਦਾ ਐਲਾਨ

ਅਮਰੀਕੀ ਫੌਜਾਂ ਦੇ ਅਫ਼ਗ਼ਾਨਿਸਤਾਨ ’ਚੋਂ ਬਾਹਰ ਨਿਕਲਦੇ ਹੀ ਇਕ ਹਫ਼ਤੇ ਅੰਦਰ ਪੂਰੇ ਮੁਲਕ ’ਤੇ ਕਾਬਜ਼ ਹੋਏ ਤਾਲਿਬਾਨ ਨੇ ਪੂਰੇ ਦੇਸ਼ ਨੂੰ ‘ਮੁਆਫ਼’ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਤਾਲਿਬਾਨ ਨੇ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ ਸਰਕਾਰ ਦਾ ਹਿੱਸਾ ਬਣਨ। ਕਾਬੁਲ ਹਵਾਈ ਅੱਡੇ ’ਤੇ ਮੁਲਕ ’ਚੋਂ ਬਾਹਰ ਨਿਕਲਣ ਲਈ ਤਰਲੋਮੱਛੀ ਹੋ ਰਹੇ ਤੇ ਫਿਕਰਮੰਦ ਲੋਕਾਂ ਨੂੰ ਤਾਲਿਬਾਨ ਨੇ ਆਪਣੇ ਬਦਲ ਜਾਣ ਦਾ ਭਰੋਸਾ ਦਿੱਤਾ।

ਅਫ਼ਗ਼ਾਨ ਫੌਜਾਂ ਦੇ ਬਿਨਾਂ ਲੜੇ ਮੈਦਾਨ ਛੱਡ ਜਾਣ ਕਰਕੇ ਪੂਰੇ ਦੇਸ਼ ’ਤੇ ਕਾਬਜ਼ ਹੋਏ ਤਾਲਿਬਾਨਾਂ ਵੱਲੋਂ ਖੁ਼ਦ ਨੂੰ ਉਦਾਰ ਵਿਚਾਰਾਂ ਵਾਲੇ ਤੇ ਨਰਮਖਿਆਲੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 1990ਵਿਆਂ ਦੇ ਅਖੀਰ ਵਿੱਚ ਤਾਲਿਬਾਨ ਵੱਲੋਂ ਲਾਗੂ ਕੀਤੇ ਬੇਰਹਿਮ ਸ਼ਾਸਨ ਕਰਕੇ ਕਈ ਅਫ਼ਗ਼ਾਨਾਂ ਨੂੰ ਤਾਲਿਬਾਨ ਦੀ ਕਥਨੀ ਤੇ ਕਰਨੀ ’ਚ ਬਾਰੇ ਅਜੇ ਵੀ ਯਕੀਨ ਨਹੀਂ।

ਪੁਰਾਣੀਆਂ ਪੀੜ੍ਹੀਆਂ ਤਾਲਿਬਾਨ ਦੇ ਰੂੜ੍ਹੀਵਾਦੀ ਇਸਲਾਮਿਕ ਵਿਚਾਰਾਂ ਨੂੰ ਅਜੇ ਵੀ ਨਹੀਂ ਭੁੱਲੀਆਂ, ਜਦੋਂ ਔਰਤਾਂ ’ਤੇ ਸਖ਼ਤ ਪਾਬੰਦੀਆਂ ਆਇਦ ਸਨ ਤੇ ਉਨ੍ਹਾਂ ਨੂੰ ਪੱਥਰ ਮਾਰੇ ਜਾਂਦੇ ਸਨ ਜਾਂ ਫਿਰ ਸਰੀਰ ਦਾ ਕੋਈ ਅੰਗ ਕੱਟ ਦਿੱਤਾ ਜਾਂਦਾ ਸੀ ਤੇ ਜਨਤਕ ਤੌਰ ’ਤੇ ਫਾਹੇ ਲਾਇਆ ਜਾਂਦਾ ਸੀ। ਸਤੰਬਰ 2001 ਦੇ ਦਹਿਸ਼ਤੀ ਹਮਲੇ ਮਗਰੋਂ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਅਫ਼ਗਾਨਿਸਤਾਨ ’ਤੇ ਚੜ੍ਹਾਈ ਕਰਕੇ ਤਾਲਿਬਾਨੀ ਰਾਜ ਦਾ ਭੋਗ ਪਾਇਆ।

ਮੁਆਫੀ ਦੇਣ ਦਾ ਵਾਅਦਾ ਤਾਲਿਬਾਨ ਦੇ ਸਭਿਆਚਾਰ ਕਮਿਸ਼ਨ ਦੇ ਮੈਂਬਰ ਇਨਾਮੁੱਲ੍ਹਾ ਸਮਨਗਨੀ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਉਸ ਦੀਆਂ ਇਹ ਟਿੱਪਣੀਆਂ ਸ਼ੱਕੀ ਜਾਪਦੀਆਂ ਹਨ ਕਿਉਂਕਿ ਤਾਲਿਬਾਨ ਵੱਲੋਂ ਮੁਲਕ ਦੀ ਡਿੱਗ ਚੁੱਕੀ ਮੌਜੂਦ ਸਰਕਾਰ ਦੇ ਸਿਆਸੀ ਆਗੂਆਂ ਨਾਲ ਅਜੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਅਜੇ ਤੱਕ ਹਕੂਮਤ ਨੂੰ ਰਸਮੀ ਤੌਰ ’ਤੇ ਉਨ੍ਹਾਂ ਦੇ ਹੱਥ ’ਚ ਸੌਂਪਣ ਬਾਰੇ ਕਰਾਰ ਦਾ ਐਲਾਨ ਨਹੀਂ ਹੋਇਆ। ਸਮਨਗਨੀ ਨੇ ਕਿਹਾ, ‘‘ਇਸਲਾਮਿਕ ਅਮੀਰਾਤ ਨਹੀਂ ਚਾਹੁੰਦਾ ਕਿ ਔਰਤਾਂ ’ਤੇ ਜ਼ੁਲਮ ਹੋਣ। ਉਨ੍ਹਾਂ ਨੂੰ ਸ਼ਰੀਆ ਕਾਨੂੰਨ ਮੁਤਾਬਕ ਸਰਕਾਰ ਵਿੱਚ ਹੋਣਾ ਚਾਹੀਦਾ ਹੈ। ਇਹ ਵੱਡਾ ਫੈਸਲਾ ਹੋਵੇਗਾ ਕਿਉਂਕਿ ਤਾਲਿਬਾਨ ਜਦੋਂ ਪਿਛਲੀ ਵਾਰ ਸੱਤਾ ਵਿੱਚ ਸੀ ਤਾਂ ਉਦੋਂ ਔਰਤਾਂ ਨੂੰ ਘਰਾਂ ਤੱਕ ਹੀ ਸੀਮਤ ਰੱਖਿਆ ਗਿਆ ਸੀ।’’ ਸਮਨਗਨੀ ਨੇ ਹਾਲਾਂਕਿ ਸਪਸ਼ਟ ਨਹੀਂ ਕੀਤਾ ਕਿ ਸ਼ਰੀਆ ਜਾਂ ਇਸਲਾਮਿਕ ਕਾਨੂੰਨ ਦਾ ਕੀ ਮਤਲਬ ਹੈ। ਸਮਨਗਨੀ ਨੇ ਇਹ ਵੀ ਸਾਫ਼ ਨਹੀਂ ਕੀਤਾ ਕਿ ਮੁਆਫ਼ੀ ਤੋਂ ਕੀ ਭਾਵ ਹੈ। ਹਾਲਾਂਕਿ ਕੁਝ ਹੋਰਨਾਂ ਤਾਲਿਬਾਨੀ ਆਗੂਆਂ ਨੇ ਕਿਹਾ ਕਿ ਉਹ ਅਫ਼ਗ਼ਾਨ ਸਰਕਾਰ ਜਾਂ ਵਿਦੇਸ਼ੀ ਮੁਲਕਾਂ ਨਾਲ ਕੰਮ ਕਰਨ ਵਾਲੇ ਕਿਸੇ ਵੀ ਸ਼ਖ਼ਸ ਖਿਲਾਫ਼ ਬਦਲਾਲਊ ਕਾਰਵਾਈ ਨਹੀਂ ਕਰਨਗੇ। ਪਰ ਕਾਬੁਲ ਵਿਚ ਮੌਜੂਦ ਕੁਝ ਦਾ ਦਾਅਵਾ ਹੈ ਕਿ ਤਾਲਿਬਾਨ ਲੜਾਕਿਆਂ ਨੇ ਸਰਕਾਰ ਨੂੰ ਸਹਿਯੋਗ ਦੇਣ ਵਾਲੇ ਲੋਕਾਂ ਦੀ ਵੱਖਰੀ ਸੂਚੀ ਬਣਾ ਰੱਖੀ ਹੈ।