ਸੀਨੀਅਰ ਤਾਲਿਬਾਨੀ ਆਗੂ ਆਮਿਰ ਖ਼ਾਨ ਮੁੱਤਾਕੀ ਅਫ਼ਗ਼ਾਨਿਸਤਾਨ ਵਿੱਚ ਸਰਕਾਰ ਦੇ ਗਠਨ ਲਈ ਗੈਰ-ਤਾਲਿਬਾਨੀ ਸਿਆਸੀ ਆਗੂਆਂ, ਜਿਸ ਵਿੱਚ ਅਬਦੁੱਲਾ ਅਬਦੁੱਲਾ ਤੇ ਸਾਬਕਾ ਅਫ਼ਗ਼ਾਨ ਸਦਰ ਹਾਮਿਦ ਕਰਜ਼ਈ ਵੀ ਸ਼ਾਮਲ ਹਨ, ਨਾਲ ਗੱਲਬਾਤ ਲਈ ਕਾਬੁਲ ਪੁੱਜ ਗਿਆ ਹੈ। ਦੋਵਾਂ ਧਿਰਾਂ ਵਿੱਚ ਚੱਲ ਰਹੀ ਗੱਲਬਾਤ ਤੋਂ ਜਾਣੂ ਅਧਿਕਾਰੀ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਇਹ ਖੁਲਾਸਾ ਕੀਤਾ ਹੈ। ਤਿੰਨ ਦਹਾਕੇ ਪਹਿਲਾਂ ਤਾਲਿਬਾਨ ਦੀ ਸਰਕਾਰ ਵਿੱਚ ਉੱਚ ਸਿੱਖਿਆ ਮੰਤਰੀ ਰਹੇ ਮੁੱਤਾਕੀ ਨੇ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਦੇ ਮੁਲਕ ਛੱਡ ਕੇ ਭੱਜਣ ਤੋਂ ਪਹਿਲਾਂ ਹੀ ਮੁਲਕ ਦੇ ਸਿਆਸੀ ਆਗੂਆਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਅਫ਼ਗ਼ਾਨ ਰਾਜਧਾਨੀ ਵਿੱਚ ਚੱਲ ਰਹੀ ਗੱਲਬਾਤ ਦਾ ਮੁੱਖ ਮੰਤਵ ਗੈਰ-ਤਾਲਿਬਾਨੀ ਆਗੂਆਂ ਨੂੰ ਸਰਕਾਰ ਦਾ ਹਿੱਸਾ ਬਣਾਉਣਾ ਹੈ। ਉਧਰ ਤਾਲਿਬਾਨ ਦੇ ਤਰਜਮਾਨ ਸੁਹੇਲ ਸ਼ਾਹੀਨ ਨੇ ਕਿਹਾ ਕਿ ਨਵੀਂ ਅਫ਼ਗ਼ਾਨ ਸਰਕਾਰ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਾਹੀਨ ਨੇ ਦਾਅਵਾ ਕੀਤਾ ਸੀ ਕਿ ਨਵੀਂ ਸਰਕਾਰ ਦਾ ਐਲਾਨ ਗੈਰ-ਤਾਲਿਬਾਨੀ ਆਗੂਆਂ ਨਾਲ ਗੱਲਬਾਤ ਮੁਕੰਮਲ ਹੋਣ ਮਗਰੋਂ ਹੀ ਕੀਤਾ ਜਾਵੇਗਾ।
ਸਰਕਾਰ ਦੇ ਗਠਨ ਲਈ ਗੈਰ-ਤਾਲਿਬਾਨੀ ਆਗੂਆਂ ਨਾਲ ਸੰਵਾਦ ਜਾਰੀ
