ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੈਲੀ

ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੈਲੀ

ਪਟਿਆਲਾ-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਦੇ ਸੱਦੇ ’ਤੇ ਸਿਹਤ ਸੰਸਥਾਵਾਂ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਅਤੇ ਆਯੂਰਵੈਦਿਕ ਵਿਭਾਗ ਨਾਲ ਸਬੰਧਤ ਕੰਟਰੈਕਟ, ਆਊਟਸੋਰਸ, ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ’ਤੇ ਆਧਾਰਤ ਚੌਥਾ ਦਰਜਾ ਮੁਲਾਜ਼ਮਾਂ ਨੇ ਅੱਜ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਮੁਲਾਜ਼ਮਾਂ ਨੇ ਕਿਹਾ ਕਿ ਮੰਗਾਂ ਮੰਨਣਾ ਤਾਂ ਦੂਰ ਸਿਹਤ ਮੰਤਰੀ ਵੱਲੋਂ ਯੂਨੀਅਨ ਆਗੂਆਂ ਨੂੰ ਮਿਲਣ ਲਈ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ। ਰੋਸ ਮਾਰਚ ਕਰਦੇ ਹੋਏ ਮੁਲਾਜ਼ਮ ਪੁੱਡਾ ਗਰਾਊਂਡ ਪੁੱਜੇ, ਜਿੱਥੇ ਉਨ੍ਹਾਂ ਰੋਸ ਰੈਲੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਦਰਸ਼ਨ ਸਿੰਘ ਲੁਬਾਣਾ, ਰਣਜੀਤ ਰਾਣਵਾਂ, ਸਵਰਨ ਬੰਗਾ, ਬਲਜਿੰਦਰ ਸਿੰਘ, ਗੁਰਪ੍ਰੀਤ ਮੰਗਵਾਲ, ਮੇਲਾ ਸਿੰਘ ਪੁੰਨਾਂਵਾਲ, ਰਣਦੀਪ ਫਤਹਿਗੜ੍ਹ ਸਾਹਿਬ, ਨਾਰੰਗ ਸਿੰਘ, ਕੁਲਵਿੰਦਰ ਸਿੱਧੂ, ਨਰਿੰਦਰ ਸ਼ਰਮਾ ਤੇ ਦਲਜੀਤ ਢਿੱਲੋਂ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਜਿੱਥੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ ਗਈ, ਉਥੇ ਹੀ ਅਨੇਕਾਂ ਹੀ ਹੋਰ ਸਾਂਝੀਆਂ ਮੰਗਾਂ ਮੰਨਵਾਉਣ ’ਤੇ ਜ਼ੋਰਾ ਦਿੱਤਾ। ਇਸ ਮੌਕੇ ਇੱਕ ਸਰਕਾਰੀ ਅਧਿਕਾਰੀ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਸੂਬਾਈ ਆਗੂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਡੀਸੀ ਦਫਤਰ ਵਲੋਂ ਪੰਜਾਬ ਦੀ ਕੈਬਨਿਟ ਸਬ-ਕਮੇਟੀ ਨਾਲ 7 ਅਕੂਤਬਰ ਦੀ ਮੀਟਿੰਗ ਦਾ ਪੱਤਰ ਜਾਰੀ ਕਰਨ ਮਗਰੋਂ ਹੀ ਇਹ ਧਰਨਾ ਸਮਾਪਤ ਕੀਤਾ ਗਿਆ। ਇਸ ਮੌਕੇ ਰਾਮ ਪ੍ਰਸ਼ਾਦ, ਰਾਮ ਲਾਲ ਰਾਮਾ, ਸੰਤੋਸ਼ ਕੁਮਾਰੀ, ਜੁਗਰਾਜ ਰਾਮਾ, ਸੀਤਾ ਰਾਮ ਸ਼ਰਮਾ, ਦੀਪ ਚੰਦ ਹੰਸ, ਰਾਜੇਸ਼ ਗੋਲੂ, ਪ੍ਰੀਤਮ ਠਾਕੁਰ, ਬਾਬੂ ਰਾਮ ਬੱਬੂ, ਅਸ਼ੋਕ ਬਿੱਟੂ, ਜਗਤਾਰ ਲਾਲ, ਮੱਖਣ ਸਿੰਘ, ਦਰਸ਼ੀ ਕਾਂਤ ਤੇ ਕੇਵਲ ਸਿੰਘ ਆਦਿ ਹਾਜ਼ਰ ਸਨ।

 

Punjab