ਹਿਮਾਚਲ ’ਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ

ਹਿਮਾਚਲ ’ਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਬੱਦਲ ਫਟਣ ਕਾਰਨ ਭਾਰੀ ਮੀਂਹ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸੇ ਦੌਰਾਨ ਖਰਾਬ ਮੌਸਮ ਕਾਰਨ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ ਸਣੇ 26 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਬੁੱਧਵਾਰ ਸ਼ਾਮ ਨੂੰ ਕਰੀਬ 50 ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਸੂਬੇ ਵਿੱਚ ਬੰਦ ਸੜਕਾਂ ਦੀ ਕੁੱਲ ਸੰਖਿਆ 71 ਹੋ ਗਈ ਹੈ। ਇਨ੍ਹਾਂ ਵਿੱਚ ਰਾਸ਼ਟਰੀ ਰਾਜਮਾਰਗ (ਐੱਨਐੱਚ)-707 ਵੀ ਸ਼ਾਮਲ ਹੈ। ਸਿਰਮੌਰ ਦੇ ਡਿਪਟੀ ਕਮਿਸ਼ਨਰ ਸੁਮਿਤ ਖਿਮਟਾ ਨੇ ਦੱਸਿਆ ਕਿ ਪਰਲੋਨੀ ਪਿੰਡ ਵਿੱਚ ਬੱਦਲ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਦੇ ਅੰਬੋਆ ਖੇਤਰ ਵਿੱਚ ਇੱਕ ‘ਘਰਾਟ’ ਡਿੱਗਣ ਕਾਰਨ ਕੁੱਝ ਦੁਕਾਨਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ। ਮ੍ਰਿਤਕ ਦੀ ਪਛਾਣ ਰੰਗੀ ਵਜੋਂ ਹੋਈ ਹੈ, ਜੋ ਮਲਬੇ ਦੇ ਥੱਲੇ ਦਬ ਗਿਆ ਸੀ।

ਅਧਿਕਾਰੀ ਨੇ ਦੱਸਿਆ ਕਿ ਕੁੱਝ ਸੜਕਾਂ ਬੰਦ ਹਨ ਅਤੇ ਯਮੁਨਾ ਨਦੀ ’ਚ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਅਤੇ ਸ਼ਲਾਈ ਇਲਾਕੇ ਵਿੱਚ ਇੱਕ ਦਿਨ ਲਈ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਿਰਮੌਰ ਜ਼ਿਲ੍ਹੇ ਦਾ ਧੌਲਾਕੂੰਆਂ ਸੂਬੇ ਵਿੱਚ ਸਭ ਤੋਂ ਵੱਧ ਮੀਂਹ ਵਾਲਾ ਸਥਾਨ ਰਿਹਾ, ਜਿੱਥੇ 275 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਪਾਉਂਟਾ ਸਾਹਿਬ ਵਿੱਚ 165.6 ਐੱਮਐੱਮ, ਨਾਹਨ ’ਚ 94.4 ਐੱਮਐੱਮ, ਧਰਮਸ਼ਾਲਾ ’ਚ 54 ਐੱਮਐੱਮ ਮੀਂਹ ਦਰਜ ਕੀਤਾ ਗਿਆ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਅਨੁਸਾਰ ਸਿਰਮੌਰ ਵਿੱਚ ਸਭ ਤੋਂ ਵੱਧ 26 ਸੜਕਾਂ ਬੰਦ ਹਨ, ਜਦਕਿ ਮੰਡੀ ’ਚ 24, ਕਾਂਗੜਾ ਵਿੱਚ 10, ਸ਼ਿਮਲਾ ਵਿੱਚ ਨੌਂ ਅਤੇ ਕੁੱਲੂ ਜ਼ਿਲ੍ਹੇ ਵਿੱਚ ਦੋ ਸੜਕਾਂ ਬੰਦ ਹਨ, ਜਦਕਿ 469 ਬਿਜਲੀ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਮੌਨਸੂਨ ਦੀ ਸ਼ੁਰੂਆਤ ਤੋਂ ਬੁੱਧਵਾਰ ਸ਼ਾਮ ਤੱਕ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ 183 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 28 ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ 1332 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। -ਪੀਟੀਆਈ

India