ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ 2 ਤੋਂ 3 ਰੁਪਏ ਕਟੌਤੀ ਦੀ ਗੁੰਜਾਇਸ਼: ਇਕਰਾ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ 2 ਤੋਂ 3 ਰੁਪਏ ਕਟੌਤੀ ਦੀ ਗੁੰਜਾਇਸ਼: ਇਕਰਾ

ਨਵੀਂ ਦਿੱਲੀ-ਕੱਚੇ ਤੇਲ ਦੀਆਂ ਕੀਮਤਾਂ ’ਚ ਕੁਝ ਹਫ਼ਤਿਆਂ ਤੋਂ ਆਈ ਕਮੀ ਮਗਰੋਂ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 2 ਤੋਂ 3 ਰੁਪਏ ਪ੍ਰਤੀ ਲਿਟਰ ਕਟੌਤੀ ਦੀ ਗੁੰਜਾਇਸ਼ ਮਿਲੀ ਹੈ। ਰੇਟਿੰਗ ਏਜੰਸੀ ਇਕਰਾ ਨੇ ਇਕ ਨੋਟ ’ਚ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ’ਚ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਲਈ ਮੋਟਰ ਵਾਹਨ ਈਂਧਣ ਦੀ ਪਰਚੂਨ ਵਿਕਰੀ ’ਤੇ ਮੁਨਾਫ਼ੇ ’ਚ ਸੁਧਾਰ ਹੋਇਆ ਹੈ। ਭਾਰਤ ਵੱਲੋਂ ਦਰਾਮਦ ਕੱਚੇ ਤੇਲ ਦੀ ਕੀਮਤ ਸਤੰਬਰ ’ਚ ਔਸਤਨ 74 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਜੋ ਮਾਰਚ ’ਚ 83-84 ਡਾਲਰ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਆਖਰੀ ਵਾਰ ਦੋ ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ। ਇਕਰਾ ਦੇ ਸੀਨੀਅਰ ਮੀਤ ਪ੍ਰਧਾਨ ਗਿਰੀਸ਼ ਕੁਮਾਰ ਕਦਮ ਨੇ ਕਿਹਾ ਕਿ ਤੇਲ ਕੰਪਨੀਆਂ ਨੂੰ ਪਿਛਲੇ ਵਿੱਤੀ ਵਰ੍ਹੇ ’ਚ ਜੋ ਘਾਟਾ ਹੋਇਆ ਸੀ ਉਹ ਹੁਣ ਪੂਰਾ ਹੋ ਚੁੱਕਾ ਹੈ ਅਤੇ ਉਹ ਮੁਨਾਫ਼ੇ ’ਚ ਹਨ।

India