ਪਾਕਿ ਨਾਲ ਦੋਸਤਾਨਾ ਸਬੰਧ ਹੁੰਦੇ ਤਾਂ ਭਾਰਤ ਸਭ ਤੋਂ ਵੱਡਾ ਰਾਹਤ ਪੈਕੇਜ ਦਿੰਦਾ: ਰਾਜਨਾਥ

ਪਾਕਿ ਨਾਲ ਦੋਸਤਾਨਾ ਸਬੰਧ ਹੁੰਦੇ ਤਾਂ ਭਾਰਤ ਸਭ ਤੋਂ ਵੱਡਾ ਰਾਹਤ ਪੈਕੇਜ ਦਿੰਦਾ: ਰਾਜਨਾਥ

ਸ੍ਰੀਨਗਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਨਾਲ ਦੋਸਤਾਨਾ ਸਬੰਧ ਬਣਾ ਕੇ ਰੱਖੇ ਹੁੰਦੇ ਤਾਂ ਭਾਰਤ ਆਪਣੇ ਇਸ ਗੁਆਂਢੀ ਮੁਲਕ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਮੰਗੇ ਗਏ ਪੈਕਜ ਤੋਂ ਵੀ ਵੱਡਾ ਰਾਹਤ ਪੈਕੇਜ ਦਿੰਦਾ। ਬਾਂਦੀਪੋਰਾ ’ਚ ਗੁਰੇਜ਼ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਦੌਰਾਨ ਰਾਜਨਾਥ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ 2014-15 ਵਿੱਚ ਜੰਮੂ ਕਸ਼ਮੀਰ ਲਈ ਐਲਾਨੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦਾ ਜ਼ਿਕਰ ਵੀ ਕੀਤਾ।

ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਮੋਦੀ ਨੇ 2014-15 ਵਿੱਚ ਜੰਮੂ ਕਸ਼ਮੀਰ ਲਈ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦਾ ਐਲਾਨ ਕੀਤਾ ਸੀ ਜੋ ਹੁਣ 90,000 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਰਕਮ ਪਾਕਿਸਤਾਨ ਵੱਲੋਂ ਆਈਐੱਮਐੱਫ ਤੋਂ (ਰਾਹਤ ਪੈਕੇਜ ਵਜੋਂ) ਮੰਗੀ ਗਈ ਸਹਾਇਤਾ ਰਾਸ਼ੀ ਤੋਂ ਬਹੁਤ ਜ਼ਿਆਦਾ ਹੈ।’’ ਰੱਖਿਆ ਮੰਤਰੀ ਨੇ ਰੈਲੀ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਟਿੱਪਣੀ ਕਿ ‘‘ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ ਬਦਲ ਸਕਦੇ’’ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਆਖਿਆ, ‘‘ਮੈਂ ਕਿਹਾ, ‘‘ਮੇਰੇ ਪਾਕਿਸਤਾਨੀ ਦੋਸਤੋ, ਸਾਡੇ ਦਰਮਿਆਨ ਸਬੰਧ ਤਣਾਅਪੂਰਨ ਕਿਉਂ ਹਨ? ਜੇਕਰ ਸਾਡੇ ਵਿਚਾਲੇ ਸੁਖਾਵੇਂ ਸਬੰਧ ਹੁੰਦੇ ਤਾਂ ਅਸੀਂ ਆਈਐੱਮਐੱਫ ਤੋਂ ਵੀ ਵੱਧ ਪੈਸੇ ਦਿੰਦੇ।’’ ਰਾਜਨਾਥ ਸਿੰਘ ਨੇ ਆਖਿਆ ਕਿ ਕੇਂਦਰ ਜੰਮੂ ਕਸ਼ਮੀਰ ਨੂੰ ਵਿਕਾਸ ਲਈ ਪੈਸਾ ਦਿੰਦਾ ਹੈ ਜਦਕਿ ਪਾਕਿਸਤਾਨ ਲੰਮੇ ਸਮੇਂ ਤੋਂ ਵਿੱਤੀ ਸਹਾਇਤਾ ਦੀ ਦੁਰਵਰਤੋਂ ਕਰ ਰਿਹਾ ਹੈ।

Featured India