ਗੁਆਂਢੀ ਮੁਲਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ-ਤੋੜ ਦੇ ਵਿਰੁੱਧ ਭਾਜਪਾ ਅਤੇ ਇਸ ਦੀਆਂ ਹੋਰ ਕਈ ਜਥੇਬੰਦੀਆਂ ਨੇ ਅੱਜ ਇਥੇ ਪਾਕਿਸਤਾਨ ਹਾਈ ਕਮਿਸ਼ਨ ਦੇ ਨੇੜੇ ਧਰਨਾ ਦਿੱਤਾ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਦੇ ਯੁਵਾ ਮੋਰਚਾ, ਪੂਰਵਾਂਚਲ ਮੋਰਚਾ ਅਤੇ ਸਿੱਖ ਸੈੱਲ ਦੇ ਆਗੂਆਂ ਅਤੇ ਵਰਕਰਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਉਹ ਇਸ ਕਾਰੇ ਲਈ ਮੁਆਫੀ ਮੰਗਣ। ਡਿਪਲੋਮੈਟਿਕ ਐਨਕਲੇਵ ਚਾਣਕਿਆ ਪੁਰੀ ਦੇ ਤੀਨ ਮੂਰਤੀ ਖੇਤਰ ਵਿੱਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਨੇ ਪਾਕਿਸਤਾਨ ਹਾਈ ਕਮਿਸ਼ਨ ਕੰਪਲੈਕਸ ਦੇ ਕੋਲ ਬੈਰੀਕੇਡ ਉੱਤੇ ਰੋਕ ਲਿਆ।