ਰਵੀਨਾ ਟੰਡਨ ਦੇ ਖਿਲਾਫ਼ ਮੁੰਬਈ ਪੁਲਿਸ ਨੂੰ ਜਾਂਚ ਕਰਨ ਦਾ ਨਿਰਦੇਸ਼

ਰਵੀਨਾ ਟੰਡਨ ਦੇ ਖਿਲਾਫ਼ ਮੁੰਬਈ ਪੁਲਿਸ ਨੂੰ ਜਾਂਚ ਕਰਨ ਦਾ ਨਿਰਦੇਸ਼

ਮੁੰਬਈ : ਬੋਰੀਵਲੀ ਦੀ ਮੈਜਿਸਟ੍ਰੇਟ ਕੋਰਟ ਨੇ ਸੋਮਵਾਰ ਨੂੰ ਸਮਾਜਕ ਵਰਕਰ ਮੋਹਸਿਨ ਸ਼ੇਖ ਦੀ ਸ਼ਿਕਾਇਤ ’ਤੇ ਅਦਾਕਾਰਾ ਰਵੀਨਾ ਟੰਡਨ ਦੇ ਖਿਲਾਫ਼ ਮੁੰਬਈ ਪੁਲਿਸ ਨੂੰ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੋਰਟ ਨੇ ਪੁਲਿਸ ਨੂੰ ਤਿੰਨ ਜਨਵਰੀ 2025 ਤੱਕ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ ਇਕ ਮਾਰਚ 2025 ਨੂੰ ਹੋਵੇਗੀ। ਮੋਹਸਿਨ ਸ਼ੇਖ ਨੇ ਆਪਣੀ ਸ਼ਿਕਾਇਤ ’ਚ ਅਦਾਕਾਰਾ ਦੇ ਖਿਲਾਫ਼ ਆਈਪੀਸੀ ਦੀ ਧਾਰਾ 500 ਤੇ 506 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਮੋਹਸਿਨ ਸ਼ੇਖ ਨੇ ਆਪਣੇ ਟਵਿੱਟਰ ਹੈਂਡਲ ’ਤੇ ਰਵੀਨਾ ਟੰਡਨ ਦੀ ਕਥਿਤ ਰੋਡ ਰੇਜ ਘਟਨਾ ਦਾ ਵੀਡੀਓ ਪੋਸਟ ਕੀਤਾ ਸੀ। ਮਿਡ ਡੇ ਨਾਲ ਇੰਟਰਵਿਊ ’ਚ ਸ਼ੇਖ ਨੇ ਕਿਹਾ ਕਿ ਵੀਡੀਓ ਸਾਂਝਾ ਕਰਨ ਦੇ ਬਾਅਦ ਸਿਆਸਤਦਾਨਾਂ ਸਮੇਤ ਰਵੀਨਾ ਨਾਲ ਜੁੜੇ ਵੱਖ ਵੱਖ ਪ੍ਰਭਾਵਸ਼ਾਲੀ ਲੋਕਾਂ ਨੇ ਉਨ੍ਹਾਂ ’ਤੇ ਵੀਡੀਓ ਹਟਾਉਣ ਦਾ ਦਬਾਅ ਪਾਇਆ।

ਸ਼ੇਖ ਨੇ ਕਿਹਾ ਕਿ ਉਨ੍ਹਾਂ ਦੇ ਖਿਲਾਫ਼ ਜਬਰੀ ਵਸੂਲੀ ਦੇ ਝੂਠੇ ਦੋਸ਼ ਲਗਾਏ ਗਏ ਸਨ। ਇਸ ਸਾਲ ਜੂਨ ’ਚ ਰਵੀਨਾ ਦਾ ਡਰਾਈਵਰ ਬਾਂਦਰਾ ਦੀ ਇਕ ਸੁਸਾਇਟੀ ਦੇ ਅੰਦਰ ਕਾਰ ਨੂੰ ਰਿਵਰਸ ਕਰ ਰਿਹਾ ਸੀ ਕਿ ਸੜਕ ’ਤੇ ਚੱਲ ਰਹੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਉਸ ਨੂੰ ਰੋਕਿਆ ਤੇ ਡਰਾਈਵਰ ਨੂੰ ਕਿਹਾ ਕਿ ਉਸਨੂੰ ਰਿਵਰਸ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਸੀ ਕਿ ਪਿੱਛੇ ਲੋਕ ਤਾਂ ਨਹੀਂ ਹਨ। ਪੁਲਿਸ ਨੇ ਜੂਨ ’ਚ ਕਿਹਾ ਸੀ ਕਿ ਜਦੋਂ ਰਵੀਨਾ ਨੇ ਆਪਣੇ ਡਰਾਈਵਰ ਨੂੰ ਬਚਾਉਣ ਕੋਸ਼ਿਸ਼ ਕੀਤੀ ਤਾਂ ਭੀੜ ਨੇ ਉਨ੍ਹਾਂ ’ਤੇ ਹਮਲਾ ਕੀਤਾ।

Entertainment