ਨੌਜਵਾਨਾਂ ਨੂੰ ਅਗਵਾ ਕਰਨ ਦੇ ਵਿਰੋਧ ਵਿੱਚ ਮਨੀਪੁਰ ਬੰਦ

ਨੌਜਵਾਨਾਂ ਨੂੰ ਅਗਵਾ ਕਰਨ ਦੇ ਵਿਰੋਧ ਵਿੱਚ ਮਨੀਪੁਰ ਬੰਦ

ਇੰਫਾਲ-ਮਨੀਪੁਰ ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਨ ਵਿਰੁੱਧ ਮੈਤੇਈ ਸਮੂਹ ਦੀ ਸਾਂਝੀ ਕਾਰਵਾਈ ਕਮੇਟੀ (ਜੇਏਸੀ) ਵੱਲੋਂ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਇੰਫਾਲ ਵਾਦੀ ਦੇ ਪੰਜ ਜ਼ਿਲ੍ਹਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ। ਇਸ ਦੌਰਾਨ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸਾਰੀਆਂ ਧਿਰਾਂ ਨੂੰ ਸਿਆਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦਾ ਸੱਦਾ ਦਿੱਤਾ। ਉੱਧਰ, ਕਾਂਗਰਸ ਨੇ ਦੋਸ਼ ਲਗਾਇਆ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਪੂਰੀ ਤਰ੍ਹਾਂ ਡਾਵਾਂਡੋਲ ਹੋਈ ਪਈ ਹੈ। ਇੰਫਾਲ ਪੂਰਬ, ਇੰਫਾਲ ਪੱਛਮੀ, ਬਿਸ਼ਨੂਪੁਰ, ਕਾਕਚਿੰਗ ਅਤੇ ਥੌਬਲ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਜਾਮ ਕੀਤੇ ਜਾਣ ਕਾਰਨ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਵਾਹਨ ਨਹੀਂ ਚੱਲੇ। ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਰਈ ਤੇ ਲਾਮਲੌਂਗ ਵਿੱਚ ਵੀ ਪੂਰੀ ਤਰ੍ਹਾਂ ਬੰਦ ਰਿਹਾ। ਜੇਏਸੀ ਦੇ ਕਨਵੀਨਰ ਐੱਲ ਸੁਬੋਲ ਨੇ ਕਿਹਾ, ‘ਨੌਜਵਾਨਾਂ ਦੀ ਰਿਹਾਈ ਤੱਕ ਅੰਦੋਲਨ ਜਾਰੀ ਰਹੇਗਾ।’ ਥੌਬਲ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਨੂੰ ਪਿਛਲੇ ਹਫਤੇ ਅਗਵਾ ਕਰ ਲਿਆ ਗਿਆ ਸੀ।

ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ਵਿੱਚ ਲੇਸ਼ਾਂਗ ਪਿੰਡ ਨੇੜੇ ਅਣਪਛਾਤੇ ਵਿਅਕਤੀਆਂ ਨੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਦੇ ਖ਼ੁਦ ਬਣੇ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ‘ਯੂਨਾਈਟਿਡ ਕੁਕੀ ਨੈਸ਼ਨਲ ਆਰਮੀ’ (ਯੂਕੇਐੱਨਏ) ਦੇ ਮੈਂਬਰ ਸੇਈਖੋਹਾਓ ਹਾਓਕਿਪ ਵਜੋਂ ਕੀਤੀ ਗਈ ਹੈ। ਉਹ ਸੂਬੇ ਦੇ ਦੱਖਣੀ ਜ਼ਿਲ੍ਹੇ ਦੇ ਕਾਪਰਾਂਗ ਪਿੰਡ ਦਾ ਰਹਿਣ ਵਾਲਾ ਸੀ। ਇਹ ਘਟਨਾ ਮੰਗਲਵਾਰ ਦੇਰ ਰਾਤ 12.15 ਵਜੇ ਚੁਰਾਚਾਂਦਪੁਰ ਵਿੱਚ ਤੋਰਬੰਗ ਬੰਗਲੇ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਵਾਪਰੀ।

India