ਦੱਖਣੀ ਗਾਜ਼ਾ ’ਚ ਇਜ਼ਰਾਈਲ ਵੱਲੋਂ ਹਮਲੇ, 51 ਮੌਤਾਂ

ਦੱਖਣੀ ਗਾਜ਼ਾ ’ਚ ਇਜ਼ਰਾਈਲ ਵੱਲੋਂ ਹਮਲੇ, 51 ਮੌਤਾਂ

ਦੀਰ ਅਲ-ਬਾਲਾਹ-ਦੱਖਣੀ ਗਾਜ਼ਾ ਦੇ ਖ਼ਾਨ ਯੂਨਿਸ ’ਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਅਤੇ ਜ਼ਮੀਨੀ ਹਮਲਿਆਂ ’ਚ ਔਰਤਾਂ ਅਤੇ ਬੱਚਿਆਂ ਸਣੇ 51 ਵਿਅਕਤੀ ਮਾਰੇ ਗਏ। ਇਹ ਦਾਅਵਾ ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਕੀਤਾ ਹੈ। ਭਾਵੇਂ ਸਾਰਿਆਂ ਦਾ ਧਿਆਨ ਹੁਣ ਲਿਬਨਾਨ ਅਤੇ ਇਰਾਨ ਵੱਲ ਕੇਂਦਰਤ ਹੋ ਗਿਆ ਹੈ ਪਰ ਇਜ਼ਰਾਈਲ ਨੇ ਗਾਜ਼ਾ ’ਚ ਆਪਣੇ ਹਮਲੇ ਜਾਰੀ ਰੱਖੀੇ ਹੋਏ ਹਨ। ਇਜ਼ਰਾਈਲ ਨੇ ਲਿਬਨਾਨ ’ਚ ਹਿਜ਼ਬੁੱਲਾ ਖ਼ਿਲਾਫ਼ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਤਹਿਰਾਨ ਨੇ ਮੰਗਲਵਾਰ ਰਾਤ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਸਨ। ਉਧਰ ਹਿਜ਼ਬੁੱਲਾ ਨੇ ਕਿਹਾ ਕਿ ਉਸ ਦੇ ਲੜਾਕਿਆਂ ਨੇ ਲਿਬਨਾਨੀ ਸਰਹੱਦੀ ਕਸਬੇ ਓਡਾਈਸੇਹ ’ਚ ਇਜ਼ਰਾਇਲੀ ਜਵਾਨਾਂ ਨੂੰ ਪਿੱਛੇ ਮੁੜਨ ਲਈ ਮਜਬੂਰ ਕਰ ਦਿੱਤਾ। ਇਜ਼ਰਾਇਲੀ ਮੀਡੀਆ ਮੁਤਾਬਕ ਦੱਖਣੀ ਲਿਬਨਾਨ ’ਚ ਇਨਫੈਂਟਰੀ ਅਤੇ ਟੈਂਕ ਯੂਨਿਟਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਫ਼ੌਜ ਨੇ ਦੱਖਣੀ ਲਿਬਨਾਨ ਦੇ 24 ਹੋਰ ਪਿੰਡਾਂ ਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਲਈ ਕਿਹਾ ਹੈ। ਜੰਗ ਤੇਜ਼ ਹੋਣ ਮਗਰੋਂ ਇਲਾਕੇ ’ਚੋਂ ਪਹਿਲਾਂ ਹੀ ਹਜ਼ਾਰਾਂ ਲੋਕ ਆਪਣੇ ਘਰ-ਬਾਰ ਛੱਡ ਚੁੱਕੇ ਹਨ। ਇਰਾਨ ਨੇ ਮੰਗਲਵਾਰ ਨੂੰ ਇਜ਼ਰਾਈਲ ’ਤੇ 180 ਮਿਜ਼ਾਈਲਾਂ ਦਾਗ਼ੀਆਂ।

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਰਾਨ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਉਸ ਨੂੰ ਹਮਲੇ ਦਾ ਜਵਾਬ ਦਿੱਤਾ ਜਾਵੇਗਾ। ਇਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਦੇ ਮੁਲਕ ਦੀ ਸੁਰੱਖਿਆ ਖ਼ਤਰੇ ’ਚ ਪਈ ਤਾਂ ਉਹ ਇਜ਼ਰਾਈਲ ’ਤੇ ਹੋਰ ਜ਼ੋਰਦਾਰ ਹਮਲਾ ਕਰੇਗਾ।

International