ਜੰਗ ਹੋਈ ਤਾਂ ਭਾਰਤ ਨੂੰ ਹੋ ਸਕਦੈ ਭਾਰੀ ਨੁਕਸਾਨ

ਜੰਗ ਹੋਈ ਤਾਂ ਭਾਰਤ ਨੂੰ ਹੋ ਸਕਦੈ ਭਾਰੀ ਨੁਕਸਾਨ

ਨਵੀਂ ਦਿੱਲੀ: Iran vs Israel : ਈਰਾਨ ਨੇ ਇਜ਼ਰਾਈਲ ਨਾਲ ਜੰਗ ਤੋਂ ਪਿੱਛੇ ਨਾ ਹਟਣ ਦਾ ਐਲਾਨ ਕਰ ਦਿੱਤਾ ਹੈ। ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੀ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਇਜ਼ਰਾਈਲ ‘ਤੇ ਦੁਬਾਰਾ ਹਮਲਾ ਕੀਤਾ ਜਾਵੇਗਾ।

ਉਨ੍ਹਾਂ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ‘ਤੇ ਹੋਏ ਹਮਾਸ ਦੇ ਹਮਲੇ ਨੂੰ ਜਾਇਜ਼ ਠਹਿਰਾਉਂਦੇ ਕਿਹਾ ਆਪਣੀ ਧਰਤੀ ਦੀ ਰੱਖਿਆ ਕਰਨ ਦਾ ਹਰੇਕ ਨੂੰ ਅਧਿਕਾਰ ਹੈ। ਖਾਮੇਨੀ ਨੇ ਕੁਰਾਨ ਦੀਆਂ ਆਇਤਾਂ ਦਾ ਹਵਾਲਾ ਦਿੰਦੇ ਹੋਏ ਮੁਸਲਮਾਨਾਂ ਨੂੰ ਇੱਕਜੁੱਟ ਹੋਣ ਲਈ ਕਿਹਾ ਹੈ। ਸਰਵਉੱਚ ਨੇਤਾ ਨੇ ਕਿਹਾ ਕਿ ਈਰਾਨ, ਹਿਜ਼ਬੁੱਲਾ ਤੇ ਹਮਾਸ ਦਾ ਸਾਥ ਦਿੰਦਾ ਰਹੇਗਾ।

ਚਿੰਤਾ ਜਤਾਈ ਜਾ ਰਹੀ ਹੈ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਜੰਗ ਛਿੜ ਸਕਦੀ ਹੈ। ਜੇ ਇਸ ਤਰ੍ਹਾਂ ਹੋਇਆ ਤਾਂ ਇਸ ਦਾ ਬੁਰਾ ਅਸਰ ਮਿਡਲ ਈਸਟ ਨਾਲ ਭਾਰਤ ‘ਤੇ ਵੀ ਦਿਸ ਸਕਦਾ ਹੈ। ਦਰਅਸਲ ਭਾਰਤ ਤੇ ਈਰਾਨ ਵਿਚਕਾਰ ਵਪਾਰਕ ਸਬੰਧ ਕਾਫ਼ੀ ਪੁਰਾਣਾ ਹੈ। ਭਾਰਤ ਵੱਡੇ ਪੈਮਾਨੇ ‘ਤੇ ਈਰਾਨ ਨੂੰ ਬਾਸਮਤੀ ਚਾਵਲ ਤੇ ਚਾਹ ਪੱਤੀ ਦੀ ਬਰਾਮਦ ਕਰਦਾ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਨੇ ਸਾਲ 2023-24 ‘ਚ ਈਰਾਨ ਨੂੰ 680 ਮਿਲੀਅਨ ਡਾਲਰ ਬਾਸਮਤੀ ਚਾਵਲ ਬਰਾਮਦ ਕੀਤਾ ਸੀ। ਭਾਰਤ ਆਪਣੇ ਇੱਥੇ ਪੈਦਾ ਹੋਣ ਵਾਲੇ ਬਾਸਮਤੀ ਚਾਵਲ ਦਾ ਕੁੱਲ 19 ਫੀਸਦੀ ਹਿੱਸਾ ਈਰਾਨ ਨੂੰ ਬਰਾਮਦ ਕਰਦਾ ਹੈ। ਜੇਕਰ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਛਿੜਦੀ ਹੈ ਤਾਂ ਇਸ ਦਾ ਸਿੱਧਾ ਅਸਰ ਚਾਵਲ ਦੀ ਬਰਾਮਦ ‘ਤੇ ਪਵੇਗਾ।

ਇਸ ਦੇ ਨਾਲ ਹੀ 2023-24 ‘ਚ ਈਰਾਨ ਨੂੰ 32 ਮਿਲੀਅਨ ਡਾਲਰ ਚਾਹ ਬਰਾਮਦ ਕੀਤੀ ਗਈ ਸੀ। ਈਰਾਨ ਤੋਂ ਭਾਰਤ ਸੂਰਜਮੁਖੀ ਤੇਲ ਦੀ ਦਰਾਮਦ ਕਰਦਾ ਹੈ। ਜੇ ਇਜ਼ਰਾਈਲ ਤੇ ਈਰਾਨ ‘ਚ ਤਣਾਅ ਵਧਦਾ ਹੈ ਤਾਂ ਦੇਸ਼ ‘ਚ ਸੂਰਜਮੁਖੀ ਦਾ ਤੇਲ ਮਹਿੰਗਾ ਹੋ ਸਕਦਾ ਹੈ।

ਦੱਸ ਦਈਏ ਕਿ ਇਜ਼ਰਾਈਲ ਫੌਜ ਵੱਲੋਂ ਲਿਬਨਾਨ ‘ਚ ਹਵਾਈ ਹਮਲੇ ਜਾਰੀ ਹਨ। ਲਿਬਨਾਨੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ ਲਿਬਨਾਨ ਦੇ ਅਲੱਗ-ਅਲੱਗ ਖੇਤਰਾਂ ‘ਤੇ ਇਜ਼ਰਾਈਲੀ ਹਵਾਈ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ 37 ਹੋ ਗਈ ਹੈ ਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 15 ਹੈ।

ਪਿਛਲੇ ਸਾਲ 7 ਅਕਤੂਬਰ ਦੀ ਅੱਧੀ ਰਾਤ ਨੂੰ ਹਮਾਸ ਨੇ ਇਜ਼ਰਾਈਲ ‘ਤੇ ਅੱਤਵਾਦੀ ਹਮਲੇ ਕੀਤੇ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਖਿਲਾਫ਼ ਮੋਰਚਾ ਖੇਲ੍ਹ ਦਿੱਤਾ। ਫਿਲਹਾਲ ਇਜ਼ਰਾਈਲ, ਹਮਾਸ ਨਾਲ ਹਿਜ਼ਬੁੱਲਾ ਦੇ ਖਾਤਮੇ ‘ਚ ਵੀ ਜੁੜਿਆ ਹੈ।

ਇਸ ਦੇ ਨਾਲ ਹੀ ਈਰਾਨ ਖੁੱਲ੍ਹ ਕੇ ਹਮਾਸ ਤੇ ਹਿਜ਼ਬੁੱਲਾ ਨਾਲ ਖੜ੍ਹਾ ਹੈ। ਮੰਗਲਵਾਰ ਦੀ ਰਾਤ ਈਰਾਨ ਨੇ ਕਰੀਬ 25 ਮਿੰਟਾਂ ‘ਚ ਇਜ਼ਰਾਈਲ ‘ਤੇ 181 ਬੈਲਿਸਟਿਕ ਮਿਜ਼ਾਇਲਾਂ ਨਾਲ ਹਮਲਾ ਕੀਤਾ। ਇਸ ਦੇ ਜਵਾਬ ‘ਚ ਇਜ਼ਰਾਈਲ ਨੇ ਕਾਰਵਾਈ ਕਰਨ ਦੀ ਕਸਮ ਖਾਧੀ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਈਰਾਨ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

International