ਪਾਕਿਸਤਾਨ ਦੇ ਕਰਾਚੀ ਏਅਰਪੋਰਟ ਕੋਲ ਵੱਡਾ ਧਮਾਕਾ

ਪਾਕਿਸਤਾਨ ਦੇ ਕਰਾਚੀ ਏਅਰਪੋਰਟ ਕੋਲ ਵੱਡਾ ਧਮਾਕਾ

ਕਰਾਚੀ – ਪਾਕਿਸਤਾਨ ਦੇ ਕਰਾਚੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਦੇਰ ਰਾਤ ਵੱਡਾ ਧਮਾਕਾ ਹੋਇਆ। ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਮੌਤਾਂ ਦੀ ਖਬਰ ਹੈ। 17 ਲੋਕ ਜ਼ਖਮੀ ਹੋਏ ਹਨ। ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸੁਣਾਈ ਦਿੱਤੀ। ਪੁਲਿਸ ਬੰਬ ਧਮਾਕੇ ਦੀ ਜਾਂਚ ‘ਚ ਜੁਟੀ ਹੋਈ ਹੈ। ਵੀਡੀਓ ‘ਚ ਏਅਰਪੋਰਟ ਦੇ ਨੇੜੇ ਧੂੰਏਂ ਦਾ ਗੁਬਾਰ ਉੱਠਦਾ ਨਜ਼ਰ ਆ ਰਿਹਾ ਹੈ।

ਪਾਕਿਸਤਾਨ ਸਥਿਤ ਚੀਨੀ ਦੂਤਾਵਾਸ ਨੇ ਕਿਹਾ ਕਿ ਕਰਾਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਰਾਤ ਹੋਏ ਧਮਾਕੇ ‘ਚ ਦੋ ਚੀਨੀ ਨਾਗਰਿਕਾਂ ਦੀ ਮੌਤ ਹੋ ਗਈ। ਚੀਨੀ ਦੂਤਘਰ ਨੇ ਕਿਹਾ ਕਿ ਪੋਰਟ ਕਾਸਿਮ ਇਲੈਕਟ੍ਰਿਕ ਪਾਵਰ ਕੰਪਨੀ ਦੇ ਕਾਫਲੇ ‘ਤੇ ਹਵਾਈ ਅੱਡੇ ਨੇੜੇ ਹਮਲਾ ਕੀਤਾ ਗਿਆ।

ਪਾਕਿਸਤਾਨ ‘ਚ ਚੀਨੀ ਦੂਤਘਰ ਤੇ ਕੌਂਸਲੇਟ ਜਨਰਲ ਨੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਹ ਦੋਹਾਂ ਦੇਸ਼ਾਂ ਦੇ ਨਿਰਦੋਸ਼ ਪੀੜਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਇਸ ਦੌਰਾਨ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

BLA ਬਲੋਚਿਸਤਾਨ ਦਾ ਵੱਖਵਾਦੀ ਸੰਗਠਨ ਹੈ। ਇਹ ਸੰਗਠਨ ਖਾਸ ਤੌਰ ‘ਤੇ ਚੀਨੀ ਨਾਗਰਿਕਾਂ ਤੇ ਪ੍ਰੋਜੈਕਟਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਬਲੋਚਿਸਤਾਨ ਦੇ ਰੂਪ ‘ਚ ਇੱਕ ਵੱਖਰਾ ਦੇਸ਼ ਇਸ ਸੰਗਠਨ ਦੀ ਸਭ ਤੋਂ ਅਹਿਮ ਮੰਗ ਹੈ। ਇਕੱਲੇ ਅਗਸਤ ਮਹੀਨੇ ਹੀ ਬੀਐੱਲਏ ਨੇ ਆਪਣੇ ਹਮਲਿਆਂ ਵਿਚ 70 ਤੋਂ ਵੱਧ ਲੋਕ ਮਾਰੇ ਹਨ। ਇਹ ਸੰਗਠਨ ਪਹਿਲਾਂ ਵੀ ਚੀਨੀ ਨਾਗਰਿਕਾਂ ਨੂੰ ਮਾਰ ਚੁੱਕਾ ਹੈ। ਕਰਾਚੀ ਵਿਚ ਚੀਨੀ ਵਣਜ ਦੂਤਘਰ ‘ਤੇ ਵੀ ਹਮਲਾ ਹੋਇਆ ਹੈ।

ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਕਰਾਚੀ ਦੇ ਉੱਤਰੀ ਨਾਜ਼ਿਮਾਬਾਦ, ਦੂਜਾ ਚੰਦਰੀਗਰ ਰੋਡ ਤੇ ਕਰੀਮਾਬਾਦ ਅਤੇ ਹੋਰ ਇਲਾਕਿਆਂ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਕਾਰਨ ਕਈ ਕਾਰਾਂ ਨੂੰ ਵੀ ਅੱਗ ਲੱਗ ਗਈ। ਸਾਰੇ ਜ਼ਖ਼ਮੀਆਂ ਨੂੰ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਕਾਲਜ (ਜੇਪੀਐਮਸੀ) ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Featured International