ਦਿੱਲੀ ਤੋਂ ਬਾਅਦ ਭੋਪਾਲ ’ਚ ਡਰੱਗਜ਼ ਦੀ ਵੱਡੀ ਬਰਾਮਦਗੀ, 907 ਕਿੱਲੋ ਐੱਮਡੀ ਜ਼ਬਤ

ਦਿੱਲੀ ਤੋਂ ਬਾਅਦ ਭੋਪਾਲ ’ਚ ਡਰੱਗਜ਼ ਦੀ ਵੱਡੀ ਬਰਾਮਦਗੀ, 907 ਕਿੱਲੋ ਐੱਮਡੀ ਜ਼ਬਤ

ਭੋਪਾਲ : ਦਿੱਲੀ ਵਿਚ ਲੰਘੀ ਦੋ ਅਕਤੂਬਰ ਨੂੰ ਲਗਪਗ ਪੰਜ ਹਜ਼ਾਰ ਕਰੋੜ ਦੇ ਨਸ਼ੀਲੇ ਪਦਾਰਥ ਫੜੇ ਜਾਣ ਤੋਂ ਬਾਅਦ ਐਤਵਾਰ ਨੂੰ ਭੋਪਾਲ ਵਿਚ ਵੀ ਵੱਡੀ ਬਰਾਮਦਗੀ ਹੋਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਅਤੇ ਗੁਜਰਾਤ ਏਟੀਐੱਸ ਨੇ ਬਗਰੋਦਾ ਉਦਯੋਗਿਕ ਖੇਤਰ ਵਿਚ ਬੰਦ ਪਈ ਫੈਕਟਰੀ ਵਿਚ ਨਸ਼ੀਲਾ ਡਰੱਗ ਐੱਮਡੀ (ਮੈਫੋਡ੍ਰੋਨ) ਬਣਾਉਣ ਦਾ ਕਾਰਖ਼ਾਨਾ ਫੜਿਆ ਅਤੇ ਉੱਥੋਂ ਡਰੱਗ ਤੇ ਇਸਨੂੰ ਬਣਾਉਣ ਵਿਚ ਇਸਤੇਮਾਲ ਹੋਣ ਵਾਲਾ ਕੱਚਾ ਮਾਲ ਜ਼ਬਤ ਕੀਤਾ ਹੈ। ਛਾਪੇ ਵਿਚ 907 ਕਿੱਲੋ ਐੱਮਡੀ ਡਰੱਗ ਠੋਸ ਤੇ ਤਰਲ ਰੂਪ ਵਿਚ ਮਿਲਿਆ ਹੈ। ਮੌਕੇ ਤੋਂ ਨਾਸਿਕ ਦੇ ਸਾਨਿਆਲ ਬਾਨੇ ਅਤੇ ਭੋਪਾਲ ਦੇ ਕੋਟਰਾ ਸੁਲਤਾਨਾਬਾਦ ਨਿਵਾਸੀ ਅਮਿਤ ਪ੍ਰਕਾਸ਼ ਚਤੁਰਵੇਦੀ ਨੂੰ ਡਰੱਗ ਬਣਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਏਟੀਐੱਸ ਗੁਜਰਾਤ ਲੈ ਗਈ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਐਕਸ ’ਤੇ ਪੋਸਟ ਕਰ ਕੇ ਕਿਹਾ ਹੈ ਕਿ ਏਟੀਐੱਸ ਤੇ ਐੱਨਸੀਬੀ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰ ਕੇ ਡਰੱਗ ਤੇ ਇਸਨੂੰ ਬਣਾਉਣ ਦੀ ਸਮੱਗਰੀ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 1,814 ਕਰੋੜ ਹੈ।

ਗੁਜਰਾਤ ਵਿਚ ਗ੍ਰਿਫ਼ਤਾਰ ਐੱਮਡੀ ਡਰੱਗ ਦੇ ਕਾਰੋਬਾਰ ਵਿਚ ਸ਼ਾਮਲ ਇਕ ਮੁਲਜ਼ਮ ਨੇ ਪੁੱਛਗਿਛ ਵਿਚ ਦੱਸਿਆ ਸੀ ਕਿ ਭੋਪਾਲ ਵਿਚ ਐੱਮਡੀ ਡਰੱਗ ਬਣਾਈ ਜਾ ਰਹੀ ਹੈ। ਇਸ ਤੋਂ ਬਾਅਦ ਗੁਜਰਾਤ ਏਟੀਐੱਸ ਨੇ ਖ਼ੁਫ਼ੀਆ ਜਾਣਕਾਰੀ ਇਕੱਠੀ ਕੀਤੀ। ਪੁਖ਼ਤਾ ਸਬੂਤ ਮਿਲਣ ਤੋਂ ਬਾਅਦ ਏਟੀਐੱਸ ਦੇ ਡੀਐੱਸਪੀ ਐੱਸਐੱਲ ਚੌਧਰੀ ਦੀ ਅਗਵਾਈ ਵਿਚ ਪੰਜ ਮੈਂਬਰੀ ਟੀਮ ਤੇ ਐੱਨਸੀਬੀ ਦਿੱਲੀ ਦੇ ਅਧਿਕਾਰੀਆਂ ਨੇ ਛਾਪਾ ਮਾਰਿਆ। ਜਿਸ ਬੰਦ ਫੈਕਟਰੀ ਵਿਚ ਕਾਰੋਬਾਰ ਚੱਲ ਰਿਹਾ ਸੀ, ਉਹ ਭੋਪਾਲ ਦੇ ਭਰਤ ਨਗਰ ਨਿਵਾਸੀ ਏਕੇ ਸਿੰਘ ਦੀ ਦੱਸੀ ਜਾ ਰਹੀ ਹੈ। ਇੱਥੇ ਪਹਿਲਾਂ ਫਰਨੀਚਰ ਤੇ ਬਾਅਦ ਵਿਚ ਖਾਦ ਬਣਾਉਣ ਦਾ ਕੰਮ ਹੁੰਦਾ ਸੀ। ਸੱਤ ਮਹੀਨੇ ਪਹਿਲਾਂ ਉਨ੍ਹਾਂ ਫੈਕਟਰੀ ਬੰਦ ਕਰ ਦਿੱਤੀ। ਇਸ ਤੋਂ ਬਾਅਦ ਸਾਨਿਆਲ ਅਤੇ ਅਮਿਤ ਨੇ ਫੈਕਟਰੀ ਕਿਰਾਏ ’ਤੇ ਲੈ ਲਈ। ਗੁਜਰਾਤ ਏਟੀਐੱਸ ਦੇ ਸੂਤਰਾਂ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਮੁਲਜ਼ਮ ਲਗਪਗ 25 ਕਿਲੋ ਡਰੱਗ ਰੋਜ਼ਾਨਾ ਤਿਆਰ ਕਰ ਰਹੇ ਸਨ। ਡਰੱਗ ਬਣਾਉਣ ਵਿਚ ਇਸਤੇਮਾਲ ਹੋਣ ਵਾਲਾ ਲਗਪਗ ਪੰਜ ਹਜ਼ਾਰ ਕਿਲੋ ਕੱਚਾ ਮਾਲ, ਮਿਕਸਰ, ਹੀਟਰ ਗਲਾਸ ਫਲਾਸਕ ਤੇ ਹੋਰ ਉਪਕਰਨ ਜ਼ਬਤ ਕਰ ਕੇ ਫੈਕਟਰੀ ਸੀਲ ਕਰ ਦਿੱਤੀ ਗਈ ਹੈ।

ਮੁਲਜ਼ਮ ਸਾਨਿਆਲ ਬਾਨੇ ਸਾਲ 2017 ਵਿਚ ਮਹਾਰਾਸ਼ਟਰ ਦੇ ਅੰਬੋਲੀ ਪੁਲਿਸ ਥਾਣਾ ਖੇਤਰ ਵਿਚ ਇਕ ਕਿੱਲੋ ਐੱਮਡੀ ਡਰੱਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਨੂੰ ਪੰਜ ਸਾਲ ਦੀ ਸਜ਼ਾ ਹੋਈ ਸੀ। ਜੇਲ੍ਹ ਤੋਂ ਛੁੱਟਣ ਤੋਂ ਬਾਅਦ ਉਸਨੇ ਆਪਣੇ ਪੁਰਾਣੇ ਦੋਸਤ ਅਮਿਤ ਪ੍ਰਕਾਸ਼ ਚਤੁਰਵੇਦੀ ਨਾਲ ਸੰਪਰਕ ਕੀਤਾ। ਦੋਵਾਂ ਨੇ ਡਰੱਗ ਬਣਾਉਣ ਤੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ। ਅਮਿਤ ਇਸਦੇ ਲਈ ਪਹਿਲਾਂ ਕੈਮੀਕਲ ਸਪਲਾਈ ਦਾ ਕੰਮ ਕਰਦਾ ਸੀ।

ਐੱਮਡੀ ਡਰੱਗ ਦਾ ਰਸਾਇਣਕ ਨਾਂ ਮਿਥਾਈਲ ਡਾਇਆਕਸੀ ਮੈਥਐਮਫੈਟਾਮੀਨ ਹੈ। ਇਹ ਸਿਥੈਂਟਿਕ ਡਰੱਗ ਹੈ, ਜਿਹੜਾ ਟੈਬਲੇਟ ਤੇ ਪਾਊਡਰ ਦੇ ਰੂਪ ਵਿਚ ਮਿਲਦਾ ਹੈ। ਇਸਦਾ ਨਸ਼ਾ ਲਗਪਗ ਛੇ ਘੰਟੇ ਤੱਕ ਰਹਿੰਦਾ ਹੈ। ਨਸ਼ਾ ਕਰਨ ਵਾਲੇ ਨੂੰ ਉਤੇਜਨਾ ਹੁੰਦੀ ਹੈ ਅਤੇ ਉਹ ਆਨੰਦ ਮਹਿਸੂਸ ਕਰਦਾ ਹੈ।

India