ਈਰਾਨ ਦੀ ਕੁਦਸ ਫੋਰਸ ਦਾ ਮੁਖੀ ਲਾਪਤਾ

ਈਰਾਨ ਦੀ ਕੁਦਸ ਫੋਰਸ ਦਾ ਮੁਖੀ ਲਾਪਤਾ

ਤਹਿਰਾਨ : ਈਰਾਨ ਨੇ ਮੰਗਲਵਾਰ 1 ਅਕਤੂਬਰ ਨੂੰ ਇਜ਼ਰਾਈਲ ‘ਤੇ 180 ਤੋਂ ਜ਼ਿਆਦਾ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਦੋ ਦਿਨਾਂ ਬਾਅਦ ਈਰਾਨ ਦੀ ਤਾਕਤਵਰ ਕੁਦਸ ਫੋਰਸ ਦਾ ਮੁਖੀ ਇਸਮਾਈਲ ਕਾਨੀ ਲਾਪਤਾ ਹੈ। ਈਰਾਨ ਉਨ੍ਹਾਂ ਨਾਲ ਸੰਪਰਕ ਕਾਇਮ ਕਰਨ ਦੇ ਸਮਰੱਥ ਨਹੀਂ ਹੈ। ਜਾਣਕਾਰੀ ਮੁਤਾਬਕ ਉਹ ਹਸਨ ਨਸਰੁੱਲਾ ਦੀ ਮੌਤ ਤੋਂ ਬਾਅਦ ਲਿਬਨਾਨ ਪਹੁੰਚਿਆ ਸੀ ਪਰ ਕੋਈ ਨਹੀਂ ਜਾਣਦਾ ਕਿ ਉਹ ਹੁਣ ਕਿਸ ਹਾਲਤ ਵਿੱਚ ਹੈ।

ਦੋ ਈਰਾਨੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੀਰਵਾਰ ਨੂੰ ਬੇਰੂਤ ‘ਚ ਇਜ਼ਰਾਇਲੀ ਹਵਾਈ ਹਮਲੇ ਤੋਂ ਬਾਅਦ ਇਸਮਾਈਲ ਕਾਨੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਈਰਾਨੀ ਅਧਿਕਾਰੀ ਮੁਤਾਬਕ ਉਹ ਬੇਰੂਤ ਦੇ ਦਹੀਆ ਇਲਾਕੇ ‘ਚ ਸੀ। ਇੱਥੇ ਵੀਰਵਾਰ ਨੂੰ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਸੰਭਾਵੀ ਉੱਤਰਾਧਿਕਾਰੀ ਹਾਸ਼ਿਮ ਸਫੀਉਦੀਨ ਨੂੰ ਇੱਕ ਸਟ੍ਰਾਈਕ ਵਿੱਚ ਨਿਸ਼ਾਨਾ ਬਣਾਇਆ। ਹਾਲਾਂਕਿ ਈਰਾਨੀ ਅਧਿਕਾਰੀ ਦਾ ਕਹਿਣਾ ਹੈ ਕਿ ਇਸਮਾਈਲ ਸਫੀਉਦੀਨ ਨੂੰ ਨਹੀਂ ਮਿਲਿਆ ਸੀ। ਦੂਜੇ ਪਾਸੇ ਇਸਮਾਈਲ ਕਾਨੀ ਦੇ ਬੇਰੂਤ ਹਮਲੇ ‘ਚ ਮਾਰੇ ਜਾਣ ਦੀ ਖ਼ਬਰ ‘ਤੇ ਇਜ਼ਰਾਈਲ ਨੇ ਕੋਈ ਸਪੱਸ਼ਟ ਟਿੱਪਣੀ ਨਹੀਂ ਕੀਤੀ।

ਹਿਜ਼ਬੁੱਲਾ ਦਾ ਕਹਿਣਾ ਹੈ ਕਿ ਉਸ ਦੇ ਨੇਤਾ ਹਾਸ਼ਿਮ ਸਫੀਉਦੀਨ ਨਾਲ ਵੀ ਸੰਪਰਕ ਨਹੀਂ ਹੋ ਸਕਿਆ ਹੈ। ਉਸ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ ਪਰ ਇਜ਼ਰਾਈਲ ਇਸ ਖੋਜ ਨੂੰ ਅੱਗੇ ਨਹੀਂ ਵਧਣ ਦੇ ਰਿਹਾ ਹੈ। 27 ਸਤੰਬਰ ਨੂੰ ਇਜ਼ਰਾਈਲ ਨੇ ਬੇਰੂਤ ਵਿੱਚ ਇੱਕ ਵੱਡੇ ਬੰਬਾਰੀ ਵਿੱਚ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਵਾਰਿਸ ਵਜੋਂ ਹਾਸ਼ਿਮ ਸਫੀਉਦੀਨ ਦਾ ਨਾਂ ਸਭ ਤੋਂ ਅੱਗੇ ਸੀ।

67 ਸਾਲਾ ਇਸਮਾਈਲ ਕਾਨੀ ਦਾ ਜਨਮ ਮਸ਼ਹਦ ਵਿੱਚ ਹੋਇਆ ਸੀ। ਇਹ ਸ਼ਹਿਰ ਉੱਤਰ-ਪੂਰਬੀ ਈਰਾਨ ਵਿੱਚ ਪੈਂਦਾ ਹੈ। ਉਹ 1980 ਦੇ ਦਹਾਕੇ ਵਿੱਚ ਈਰਾਨ-ਇਰਾਕ ਯੁੱਧ ਦੌਰਾਨ ਰੈਵੋਲਿਊਸ਼ਨਰੀ ਗਾਰਡਜ਼ ਵਿੱਚ ਸ਼ਾਮਲ ਹੋਇਆ। 2020 ਵਿੱਚ, ਕੁਦਸ ਫੋਰਸ ਦੇ ਮੁਖੀ ਕਾਸਿਮ ਸੁਲੇਮਾਨੀ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਈਰਾਨ ਨੇ ਇਸਮਾਈਲ ਕਾਨੀ ਨੂੰ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੀ ਵਿਦੇਸ਼ੀ ਫੌਜੀ ਖੁਫੀਆ ਸੇਵਾ ਦਾ ਮੁਖੀ ਨਿਯੁਕਤ ਕੀਤਾ ਸੀ।

International