ਧੋਨੀ ਦੇ ਅੰਦਾਜ਼ ‘ਚ ਮੈਚ ਜਿਤਾ ਕੇ  ਹਾਰਦਿਕ ਪਾਂਡਿਆ ਨੇ ਕੋਹਲੀ ਨੂੰ ਛੱਡਿਆ ਪਿੱਛੇ

ਧੋਨੀ ਦੇ ਅੰਦਾਜ਼ ‘ਚ ਮੈਚ ਜਿਤਾ ਕੇ  ਹਾਰਦਿਕ ਪਾਂਡਿਆ ਨੇ ਕੋਹਲੀ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ : ਹਾਰਦਿਕ ਪਾਂਡਿਆ (Hardik Pandya) ਨੇ ਗਵਾਲੀਅਰ ‘ਚ ਖੇਡੇ ਗਏ ਪਹਿਲੇ ਟੀ-20 ਮੈਚ ‘ਚ ਟੀਮ ਇੰਡੀਆ ਨੂੰ ਬੰਗਲਾਦੇਸ਼ ਖਿਲਾਫ਼ ਜਿੱਤ ਦਿਵਾਉਣ ਲਈ ਤੂਫਾਨੀ ਪਾਰੀ ਖੇਡੀ। ਭਾਰਤ ਨੇ ਪਹਿਲਾ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਪਾਂਡਿਆ ਨੇ 39 ਦੌੜਾਂ ਦੀ ਅਜੇਤੂ ਪਾਰੀ ਖੇਡੀ ਤੇ ਮਹਿੰਦਰ ਸਿੰਘ ਧੋਨੀ ਦੇ ਅੰਦਾਜ਼ ‘ਚ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਨਾਲ ਪਾਂਡਿਆ ਨੇ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ।

ਬੰਗਲਾਦੇਸ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 127 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇਹ ਟੀਚਾ 11.5 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਪਾਂਡਿਆ ਨੇ ਆਪਣੀ ਅਜੇਤੂ ਪਾਰੀ ਵਿੱਚ ਸਿਰਫ਼ 16 ਗੇਂਦਾਂ ਦਾ ਸਾਹਮਣਾ ਕੀਤਾ ਜਿਸ ਵਿੱਚ ਪੰਜ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ।

ਪਾਂਡਿਆ ਨੇ ਜੋ ਦੋ ਛੱਕੇ ਲਗਾਏ, ਉਨ੍ਹਾਂ ਵਿੱਚੋਂ ਆਖਰੀ ਛੱਕਾ ਮੈਚ ਜੇਤੂ ਛੱਕਾ ਸੀ। 12ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਪਾਂਡਿਆ ਨੇ ਤਸਕੀਨ ਅਹਿਮਦ ਨੂੰ ਛੱਕਾ ਮਾਰ ਕੇ ਮੈਚ ਭਾਰਤ ਦੀ ਝੋਲੀ ਪਾ ਦਿੱਤਾ। ਧੋਨੀ ਨੇ ਅਕਸਰ ਛੱਕੇ ਲਗਾ ਕੇ ਭਾਰਤ ਦੀ ਜਿੱਤ ਵਿੱਚ ਮਦਦ ਕੀਤੀ, ਪਾਂਡਿਆ ਨੇ ਵੀ ਅਜਿਹਾ ਹੀ ਕੀਤਾ ਅਤੇ ਵਿਰਾਟ ਕੋਹਲੀ ਨੂੰ ਪਿੱਛੇ ਕਰ ਦਿੱਤਾ। ਪਾਂਡਿਆ ਹੁਣ ਛੱਕਿਆਂ ਨਾਲ ਮੈਚ ਫਿਨਿਸ਼ ਕਰਨ ਦੇ ਮਾਮਲੇ ‘ਚ ਭਾਰਤੀ ਬੱਲੇਬਾਜ਼ਾਂ ਦੀ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਉਸ ਨੇ ਪੰਜ ਵਾਰ ਛੱਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ ਹੈ। ਇਸ ਤੋਂ ਪਹਿਲਾਂ ਕੋਹਲੀ ਤੇ ਪਾਂਡਿਆ ਸੰਯੁਕਤ ਤੌਰ ‘ਤੇ ਨੰਬਰ-1 ‘ਤੇ ਸਨ। ਕੋਹਲੀ ਨੇ ਚਾਰ ਮੈਚਾਂ ਵਿੱਚ ਛੇ ਛੱਕੇ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਹੁਣ ਉਨ੍ਹਾਂ ਨੇ ਟੀ-20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿ ਦਿੱਤਾ ਹੈ।

ਇਸ ਮਾਮਲੇ ‘ਚ ਐੱਮਐੱਸ ਧੋਨੀ ਤੇ ਰਿਸ਼ਭ ਪੰਤ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਹਨ। ਦੋਵਾਂ ਨੇ ਛੱਕੇ ਲਗਾ ਕੇ ਤਿੰਨ ਮੈਚ ਜਿੱਤੇ ਹਨ। ਜੇਕਰ ਦੇਖਿਆ ਜਾਵੇ ਤਾਂ ਪੰਤ ਇਸ ਮਾਮਲੇ ‘ਚ ਪਾਂਡਿਆ ਨੂੰ ਪਿੱਛੇ ਛੱਡ ਸਕਦੇ ਹਨ। ਕਿਉਂਕਿ ਕੋਹਲੀ ਤੇ ਧੋਨੀ ਦੋਵੇਂ ਹੁਣ ਟੀ-20 ਅੰਤਰਰਾਸ਼ਟਰੀ ਨਹੀਂ ਖੇਡਦੇ, ਸਿਰਫ ਪੰਤ ਖੇਡਦੇ ਹਨ। ਹੁਣ ਦੋਵਾਂ ਵਿਚਾਲੇ ਨੰਬਰ-1 ਦੀ ਲੜਾਈ ਹੋਵੇਗੀ।

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਦਿਖਾਇਆ ਅਤੇ ਬੰਗਲਾਦੇਸ਼ ਨੂੰ ਵੱਡਾ ਸਕੋਰ ਨਹੀਂ ਕਰਨ ਦਿੱਤਾ। ਬੰਗਲਾਦੇਸ਼ ਦੀ ਟੀਮ 19.5 ਓਵਰਾਂ ‘ਚ ਸਿਰਫ 127 ਦੌੜਾਂ ‘ਤੇ ਹੀ ਢੇਰ ਹੋ ਗਈ। ਉਸ ਲਈ ਮੇਹਦੀ ਹਸਨ ਮਿਰਾਜ਼ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਉਹ ਅਜੇਤੂ ਰਿਹਾ। ਭਾਰਤ ਲਈ ਵਰੁਣ ਚੱਕਰਵਰਤੀ ਅਤੇ ਅਰਸ਼ਦੀਪ ਸਿੰਘ ਨੇ ਤਿੰਨ-ਤਿੰਨ ਵਿਕਟਾਂ ਲਈਆਂ।

ਭਾਰਤ ਨੇ 11.5 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਪਾਂਡਿਆ ਦੀਆਂ 39 ਦੌੜਾਂ ਤੋਂ ਇਲਾਵਾ ਸੰਜੂ ਸੈਮਸਨ ਅਤੇ ਕਪਤਾਨ ਸੂਰਿਆਕੁਮਾਰ ਨੇ ਭਾਰਤ ਲਈ 29-29 ਦੌੜਾਂ ਦੀ ਪਾਰੀ ਖੇਡੀ।

Sports