ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਵਾਂਝੇ

ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਵਾਂਝੇ

ਡੇਰਾ ਬਾਬਾ ਨਾਨਕ –ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ’ਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਬਣਾਏ ਦਰਸ਼ਨ ਸਥਾਨ ’ਤੇ ਲੱਗੀਆਂ ਦੂਰਬੀਨਾਂ ਹਟਾਉਣ ਅਤੇ ਪਾਕਿਸਤਾਨ ਵਾਲੇ ਪਾਸੇ ਸਰਕੰਡੇ ਦੀ ਕਟਾਈ ਨਾ ਕਰਵਾਉਣ ਕਾਰਨ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਵਾਂਝੇ ਹਨ।

ਦਰਸ਼ਨ ਸਥਲ ’ਤੇ ਦੂਰ-ਦੁਰਾਡੇ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦੂਰਬੀਨ ਰਾਹੀਂ ਦਰਸ਼ਨ ਕਰਨ ਆਏ ਸ਼ਰਧਾਲੂ ਸੁਖਦੇਵ ਸਿੰਘ, ਰਮਨਦੀਪ ਸਿੰਘ, ਤੇਜ ਵੀਰ ਸਿੰਘ, ਸੁਖਦੇਵ ਸਿੰਘ ਸਿੱਧੂ, ਹਰਨਾਮ ਸਿੰਘ, ਰਮਣ ਕੁਮਾਰ, ਸੁਖਦੇਵ ਲਾਲ ਆਦਿ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣਾਏ ਗਏ ਦਰਸ਼ਨ ਸਥਲ ’ਤੇ ਪਿਛਲੇ ਸਮੇਂ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਰਹੇ ਫਿਲਮੀ ਐਕਟਰ ਸਨੀ ਦਿਓਲ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਸ਼ਨੀ ਸਥਲ ’ਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦੂਰਬੀਨਾਂ ਲਗਾਈਆਂ ਗਈਆਂ ਸਨ। ਦੂਰਬੀਨ ਰਾਹੀਂ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਸਰਹੱਦ ਤੋਂ ਦਰਸ਼ਨ ਕਰਦੀਆਂ ਸਨ ਪਰੰਤੂ ਪਿਛਲੇ ਦਿਨਾਂ ਤੋਂ ਦਰਸ਼ਨ ਸਥਲ ’ਤੇ ਲੱਗੀਆਂ ਦੂਰਬੀਨਾਂ ਹਟਾਉਣ ਕਾਰਨ ਨਾਨਕ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਿੱਚ ਵੱਡੀ ਦਿੱਕਤ ਆ ਰਹੀ ਹੈ। ਜਿੱਥੇ ਇੱਕ ਪਾਸੇ ਦਰਸ਼ਨ ਸਥਲ ’ਤੇ ਦੂਰਬੀਨਾਂ ਦੀ ਵੱਡੀ ਘਾਟ ਹੈ ਉਥੇ ਪਾਕਿਸਤਾਨ ਵਾਲੇ ਪਾਸੇ ਧੁੱਸੀਂ ਬੰਨ੍ਹ ’ਤੇ ਉੱਗੇ ਸਰਕੰਡੇ ਕਾਰਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨੇ ਮੁਸ਼ਕਲ ਹੋ ਰਹੇ ਹਨ।

ਇਸ ਮੌਕੇ ਸੰਗਤਾਂ ਨੇ ਬੀਐੱਸਐੱਫ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਰਸ਼ਨੀ ਸਥਲ ’ਤੇ ਦੂਰਬੀਨਾਂ ਨੂੰ ਲਗਾਉਣ ਤੋਂ ਇਲਾਵਾ ਸਰਕੰਡੇ ਦੀ ਕਟਾਈ ਕਰਵਾਈ ਜਾਵੇ ਤਾਂ ਜੋ ਸੰਗਤਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਸਰਹੱਦ ਤੋਂ ਹੀ ਦਰਸ਼ਨ ਕਰ ਸਕਣ। ਸ਼ਰਧਾਲੂਆਂ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ’ਤੇ ਰੱਖੀ ਪਾਸਪੋਰਟ ਦੀ ਸਖਤ ਨੂੰ ਤਬਦੀਲ ਕਰਕੇ ਆਧਾਰ ਕਾਰਡ ਰਾਹੀਂ ਸ਼ਰਧਾਲੂਆਂ ਨੂੰ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ।

 

Punjab