‘ਚੋਣਾਂ ਤੋਂ ਪਹਿਲਾਂ ਦਿੱਲੀ ਦੀਆਂ ਖਸਤਾਹਾਲ ਸੜਕਾਂ’, CM ਆਤਿਸ਼ੀ ਤੇ ਕੇਜਰੀਵਾਲ ਨੇ ਦੱਸੀ ਸਰਕਾਰ ਦੀ ਪਹਿਲ

‘ਚੋਣਾਂ ਤੋਂ ਪਹਿਲਾਂ ਦਿੱਲੀ ਦੀਆਂ ਖਸਤਾਹਾਲ ਸੜਕਾਂ’, CM ਆਤਿਸ਼ੀ ਤੇ ਕੇਜਰੀਵਾਲ ਨੇ ਦੱਸੀ ਸਰਕਾਰ ਦੀ ਪਹਿਲ

ਨਵੀਂ ਦਿੱਲੀ –ਸਾਬਕਾ ਸੀਐੱਮ ਅਰਵਿੰਦ ਕੇਜਰੀਵਾਲ (Arvind Kejriwal) ਤੇ ਸੀਐਮ ਆਤਿਸ਼ੀ (Atishi) ਨੇ ਰਾਜਧਾਨੀ ਦਿੱਲੀ ਦੀਆਂ ਖਰਾਬ ਸੜਕਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜਦੋਂ ਮੈਂ ਜੇਲ੍ਹ ਗਿਆ ਸੀ ਤਾਂ ਇਨ੍ਹਾਂ ਲੋਕਾਂ ਨੇ ਸਰਕਾਰ ਦੇ ਕੰਮ ਨੂੰ ਰੋਕਣ ਵਿਚ ਕੋਈ ਕਸਰ ਨਹੀਂ ਛੱਡੀ, ਇੱਥੋਂ ਤਕ ਕਿ ਸੜਕਾਂ ਦੀ ਮੁਰੰਮਤ ਵੀ ਬੰਦ ਕਰ ਦਿੱਤੀ ਗਈ ਹੈ। ਸਾਡੇ ਲੋਕਾਂ ਨੇ ਸੜਕਾਂ ਦਾ ਮੁਆਇਨਾ ਕਰ ਕੇ ਰਿਪੋਰਟ ਤਿਆਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਦੇਖਿਆ ਕਿ ਸੜਕਾਂ ਦੀ ਹਾਲਤ ਠੀਕ ਨਹੀਂ ਸੀ। ਮੈਂ ਆਤਿਸ਼ੀ ਨੂੰ ਬੇਨਤੀ ਕੀਤੀ ਸੀ ਕਿ ਉਹ ਵਿਧਾਇਕਾਂ ਅਤੇ ਮੰਤਰੀਆਂ ਨਾਲ ਮਿਲ ਕੇ ਸੜਕਾਂ ਦਾ ਮੁਆਇਨਾ ਕਰਨ ਅਤੇ ਜੋ ਵੀ ਸੜਕਾਂ ਖ਼ਰਾਬ ਹਨ, ਉਨ੍ਹਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਇਸ ਸਬੰਧੀ ਮੈਂ ਉਨ੍ਹਾਂ ਨੂੰ ਪੱਤਰ ਵੀ ਲਿਖਿਆ ਸੀ। ਮੈਨੂੰ ਖੁਸ਼ੀ ਹੈ ਕਿ ਇਸ ਸਬੰਧੀ ਦਿੱਲੀ ਦੇ ਸਾਰੇ ਵਿਧਾਇਕਾਂ, ਨੇਤਾਵਾਂ ਅਤੇ ਮੰਤਰੀਆਂ ਨੇ ਸੜਕਾਂ ਦਾ ਮੁਆਇਨਾ ਕਰ ਕੇ ਰਿਪੋਰਟ ਤਿਆਰ ਕੀਤੀ ਹੈ ਤੇ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।

ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। PWD ਕੋਲ 1400 ਕਿਲੋਮੀਟਰ ਸੜਕਾਂ ਹਨ। 89 ਸੜਕਾਂ ਦੀ ਪੂਰੀ ਮੁਰੰਮਤ ਕੀਤੀ ਜਾਵੇਗੀ। 74 ਸੜਕਾਂ ਦੇ ਟੈਂਡਰ ਹੋ ਚੁੱਕੇ ਹਨ। 15 ਸੜਕਾਂ ਦੇ ਟੈਂਡਰ ਚੱਲ ਰਹੇ ਹਨ। ਪੈਚ ਵਰਕ ਲਈ ਕੰਮ ਕੀਤਾ ਜਾਣਾ ਹੈ। ਕਈ ਥਾਵਾਂ ’ਤੇ ਟੋਏ ਪਏ ਹਨ, ਉਨ੍ਹਾਂ ਦਾ ਵੀ ਨਿਰੀਖਣ ਕੀਤਾ ਗਿਆ ਹੈ। ਨਿਊ ਰੋਹਤਕ ਰੋਡ ਦੀ ਹਾਲਤ ਅੱਜ ਸਭ ਤੋਂ ਮਾੜੀ ਹੈ। ਸੜਕ ਬਹੁਤ ਟੁੱਟੀ ਹੋਈ ਹੈ। ਇੱਥੇ ਨਵਾਂ ਨਾਲਾ ਬਣਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਇੱਥੋਂ ਦੀਆਂ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਲਗਭਗ 10 ਸਾਲ ਪੂਰੇ ਕਰ ਲਏ ਹਨ। ਅਸੀਂ ਜਨਤਾ ਲਈ ਹਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਨ੍ਹਾਂ ਲੋਕਾਂ ਨੇ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਨੇ ਹਸਪਤਾਲਾਂ ਅਤੇ ਮੁਹੱਲਾ ਕਲੀਨਿਕਾਂ ਵਿਚ ਦਵਾਈਆਂ ਬੰਦ ਕਰ ਦਿੱਤੀਆਂ ਹਨ।

‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ (Sanjeev Arora) ‘ਤੇ ਈਡੀ ਦੀ ਛਾਪੇਮਾਰੀ ‘ਤੇ ਕੇਜਰੀਵਾਲ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ‘ਤੇ ਨਹੀਂ ਸਗੋਂ ‘ਆਪ’ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਹੈ। ਮੋਦੀ ਜੀ ਨੇ ਸਾਡੇ ਅਤੇ ਸਾਡੇ ਸਾਰੇ ਲੋਕਾਂ ਦੇ ਪਿੱਛੇ ਈਡੀ ਅਤੇ ਸੀਬੀਆਈ ਲਗਾ ਦਿੱਤੀ ਹੈ। ਉਹ ਸਿਰਫ਼ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।

 

Featured India