ਸੀਬੀਆਈ ਵੱਲੋਂ ਕੋਲਕਾਤਾ ਜਬਰ-ਜਨਾਹ ਤੇ ਕਤਲ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ- ਸੀਬੀਆਈ ਨੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਟਰੇਨੀ ਡਾਕਟਰ ਨਾਲ ਜਬਰ-ਜਨਾਹ ਪਿੱਛੋਂ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਸੰਜੇ ਰਾਏ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਹ ਜਾਣਕਾਰੀ ਸੋਮਵਾਰ ਨੂੰ ਅਧਿਕਾਰੀਆਂ ਨੇ ਦਿੱਤੀ।

ਕੋਲਕਾਤਾ ਵਿਚ ਵਿਸ਼ੇਸ਼ ਸੀਬੀਆਈ ਅਦਾਲਤ ਅੱਗੇ ਦਾਖ਼ਲ ਕੀਤੀ ਗਈ ਫ਼ਰਦ ਜੁਰਮ ਵਿਚ ਸੀਬੀਆਈ ਨੇ ਕਿਹਾ ਹੈ ਕਿ ਰਾਏ, ਜੋ ਸਥਾਨਕ ਪੁਲੀਸ ਨਾਲ ਵਾਲੰਟੀਅਰ ਵਜੋਂ ਕੰਮ ਕਰਦਾ ਸੀ, ਨੇ ਕਥਿਤ ਤੌਰ ’ਤੇ 9 ਅਗਸਤ ਨੂੰ ਪੀੜਤ ਡਾਕਟਰ ਖ਼ਿਲਾਫ਼ ਇਸ ਜੁਰਮ ਨੂੰ ਅੰਜਾਮ ਦਿੱਤਾ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਪੀੜਤ ਡਾਕਟਰ ਆਪਣੀ ਡਿਊਟੀ ਵਿਚ ਵਕਫ਼ੇ ਦੌਰਾਨ ਸੈਮੀਨਾਰ ਹਾਲ ਵਿਚ ਸੌਣ ਲਈ ਗਈ ਸੀ, ਜਦੋਂ ਮੁਲਜ਼ਮ ਨੇ ਉਸ ਉਤੇ ਵਹਿਸ਼ੀਪੁਣਾ ਕੀਤਾ।

ਕੇਂਦਰੀ ਜਾਂਚ ਏਜੰਸੀ ਨੇ ਚਾਰਜਸ਼ੀਟ ਵਿਚ ਸਮੂਹਿਕ ਜਬਰ-ਜਨਾਹ ਦੀ ਗੱਲ ਨਹੀਂ ਆਖੀ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਜੁਰਮ ਮੁਲਜ਼ਮ ਨੇ ਇਕੱਲਿਆਂ ਕੀਤੀ ਸੀ।