ਹਸਪਤਾਲ ਨੇ ਸੰਦੀਪ ਘੋਸ਼ ਦੇ 10 ਕਰੀਬੀਆਂ ਨੂੰ ਹਟਾਇਆ

ਹਸਪਤਾਲ ਨੇ ਸੰਦੀਪ ਘੋਸ਼ ਦੇ 10 ਕਰੀਬੀਆਂ ਨੂੰ ਹਟਾਇਆ

ਕੋਲਕਾਤਾ-ਕੋਲਕਾਤਾ ’ਚ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਹ ਸਾਰੇ ਦਸ ਜਣੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਰੀਬੀ ਮੰਨੇ ਜਾਂਦੇ ਹਨ। ਘੋਸ਼ ਇਸ ਸਮੇਂ ਸੀਬੀਆਈ ਦੀ ਹਿਰਾਸਤ ’ਚ ਹੈ ਜਿਸ ਖ਼ਿਲਾਫ਼ ਕੇਂਦਰੀ ਏਜੰਸੀ ਵੱਲੋਂ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਅਤੇ ਵਿੱਤੀ ਬੇਨੇਮੀਆਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਢੇ ਗਏ 10 ਵਿਅਕਤੀਆਂ ਵਿੱਚੋਂ ਇੱਕ ਹਾਊਸ ਸਟਾਫ ਮੈਂਬਰ ਆਸ਼ੀਸ਼ ਪਾਂਡੇ ਵੀ ਹੈ, ਜੋ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਕਾਰਨ ਪਹਿਲਾਂ ਹੀ ਸੀਬੀਆਈ ਦੀ ਹਿਰਾਸਤ ਵਿੱਚ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰਿਆਂ ਨੂੰ 72 ਘੰਟਿਆਂ ਦੇ ਅੰਦਰ ਮੈਡੀਕਲ ਕਾਲਜ ਦਾ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ ਢੁੱਕਵੀਂ ਕਾਰਵਾਈ ਲਈ ਬੰਗਾਲ ਮੈਡੀਕਲ ਕੌਂਸਲ ਨੂੰ ਭੇਜੇ ਜਾਣਗੇ। ਕੱਢੇ ਗਏ ਡਾਕਟਰਾਂ ’ਚ ਇਕ ਮਹਿਲਾ ਆਯੂਸ੍ਰੀ ਥਾਪਾ ਵੀ ਸ਼ਾਮਲ ਹੈ। ਜਿਨ੍ਹਾਂ ਅੱਠ ਹੋਰਾਂ ਨੂੰ ਹਸਪਤਾਲ ’ਚੋਂ ਕੱਢਿਆ ਗਿਆ ਹੈ, ਉਨ੍ਹਾਂ ’ਚ ਸੌਰਵ ਪਾਲ, ਅਭਿਸ਼ੇਕ ਸੇਨ, ਨਿਰਜਨ ਬਾਗਚੀ, ਐੱਸ. ਹਸਨ, ਨੀਲਾਗਨੀ ਦੇਬਨਾਥ, ਅਮਰੇਂਦਰ ਸਿੰਘ, ਸਤਪਾਲ ਸਿੰਘ ਅਤੇ ਤਨਵੀਰ ਅਹਿਮਦ ਕਾਜ਼ੀ ਹਨ। ਨੋਟੀਫਿਕੇਸ਼ਨ ਮੁਤਾਬਕ ਹਸਪਤਾਲ ’ਚੋਂ ਕੱਢੇ ਗਏ ਡਾਕਟਰਾਂ ’ਤੇ ਹੋਰਾਂ ਨੂੰ ਫੇਲ੍ਹ ਹੋਣ ਲਈ ਦਬਾਅ ਪਾਉਣ, ਹੋਸਟਲ ’ਚੋਂ ਜਬਰੀ ਕੱਢਣ, ਜੂਨੀਅਰਾਂ ਨੂੰ ਖਾਸ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਲਈ ਦਬਾਅ ਬਣਾਉਣ, ਜਿਨਸੀ ਸ਼ੋਸ਼ਣ, ਦੁਰਵਿਹਾਰ, ਜਬਰੀ ਪੈਸੇ ਇਕੱਤਰ ਕਰਨ, ਵਿਦਿਆਰਥੀਆਂ ਖ਼ਿਲਾਫ਼ ਝੂਠੀਆਂ ਐੱਫਆਈਆਰਜ਼ ਦਰਜ ਕਰਨ ਆਦਿ ਜਿਹੇ ਦੋਸ਼ ਲੱਗੇ ਹਨ

ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਅਤੇ ਹੱਤਿਆ ਹੋਣ ਦੇ ਮਾਮਲੇ ਵਿੱਚ ਮਹਿਲਾ ਡਾਕਟਰ ਲਈ ਨਿਆਂ ਅਤੇ ਕੰਮ ਵਾਲੀ ਥਾਂ ’ਤੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਜੂਨੀਅਰ ਡਾਕਟਰਾਂ ਨੇ ਅੱਜ ਸ਼ਹਿਰ ਦੇ ਧਰਮਤਲਾ ਇਲਾਕੇ ਵਿੱਚ ਭੁੱਖ ਹੜਤਾਲ ਜਾਰੀ ਰੱਖੀ। ਕਈ ਸੀਨੀਅਰ ਡਾਕਟਰ ਜੋ ਕਿ ਸ਼ਨਿਚਰਵਾਰ ਰਾਤ ਤੋਂ ਹੀ ਧਰਨਾ ਸਥਾਨ ’ਤੇ ਮੌਜੂਦ ਹਨ, ਆਪਣੇ ਜੂਨੀਅਰ ਸਾਥੀਆਂ ਦੇ ਨਾਲ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ। ਸੂਬਾ ਸਰਕਾਰ ਵੱਲੋਂ ਸ਼ਨਿਚਰਵਾਰ ਰਾਤ 8.30 ਵਜੇ ਤੱਕ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ 24 ਘੰਟੇ ਦੀ ਸਮਾਂ ਸੀਮਾ ਲੰਘਣ ’ਤੇ ਜੂਨੀਅਰ ਡਾਕਟਰਾਂ ਨੇ ਸ਼ਨਿਚਰਵਾਰ ਰਾਤ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

India