ਜੱਜਾਂ ਦੀ ਨਿਯੁਕਤੀ ਬਾਰੇ ਮੀਡੀਆ ਰਿਪੋਰਟਾਂ ਤੋਂ ਚੀਫ਼ ਜਸਟਿਸ ਖ਼ਫਾ

ਨਵੀਂ ਦਿੱਲੀ, ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਸੁਪਰੀਮ ਕੋਰਟ ’ਚ ਜੱਜਾਂ ਦੀ ਨਿਯੁਕਤੀ ਬਾਰੇ ਕੌਲਿਜੀਅਮ ਦੀ ਮੀਟਿੰਗ ਸਬੰਧੀ ਮੀਡੀਆ ’ਚ ਆ ਰਹੀਆਂ ਵਿਸ਼ੇਸ਼ ਰਿਪੋਰਟਾਂ ਅਤੇ ਕਿਆਸਾਂ ਨੂੰ ਬਹੁਤ ਮੰਦਭਾਗਾ ਕਰਾਰ ਦਿੱਤਾ ਹੈ। ਉਧਰ ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਸਿਖਰਲੀ ਅਦਾਲਤ ’ਚ ਨਿਯੁਕਤੀ ਲਈ 9 ਜੱਜਾਂ ਦੇ ਨਾਵਾਂ ਦੀ ਕੇਂਦਰ ਨੂੰ ਸਿਫਾਰਸ਼ ਭੇਜੀ ਹੈ। ਜਸਟਿਸ ਨਵੀਨ ਸਿਨਹਾ ਦੀ ਸੇਵਾਮੁਕਤੀ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਰਾਮੰਨਾ ਨੇ ਕਿਹਾ ਕਿ ਜੱਜਾਂ ਦੀ ਨਿਯੁਕਤੀ ਦਾ ਅਮਲ ਪਵਿੱਤਰ ਅਤੇ ਮਰਿਆਦਾ ਨਾਲ ਜੁੜਿਆ ਹੋਇਆ ਹੈ ਤੇ ਮੀਡੀਆ ਨੂੰ ਇਹ ਸਮਝਦਿਆਂ ਇਸ ਦੀ ਪਵਿੱਤਰਤਾ ਨੂੰ ਪਛਾਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਅਦਾਰੇ ਵਜੋਂ ਸਿਖਰਲੀ ਅਦਾਲਤ ਮੀਡੀਆ ਦੀ ਆਜ਼ਾਦੀ ਅਤੇ ਨਾਗਰਿਕਾਂ ਦੇ ਹੱਕਾਂ ਦਾ ਬੇਹੱਦ ਸਨਮਾਨ ਕਰਦੀ ਹੈ ਤੇ ਪ੍ਰਕਿਰਿਆ ਲੰਬਿਤ ਰਹਿਣ ਦੌਰਾਨ ਇਸ ਦੇ ਹੱਲ ਤੋਂ ਪਹਿਲਾਂ ਹੀ ਮੀਡੀਆ ਦੇ ਇਕ ਹਿੱਸੇ ’ਚ ਜੋ ਪ੍ਰਕਾਸ਼ਿਤ ਹੋਇਆ, ਉਹ ਗਲਤ ਅਸਰ ਪਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ‘ਪਰਪੱਕ ਅਤੇ ਜ਼ਿੰਮੇਵਾਰ’ ਪ੍ਰੋਫੈਸ਼ਨਲ ਪੱਤਰਕਾਰ ਅਤੇ ਨੈਤਿਕਤਾ ਦਾ ਪਾਲਣ ਕਰਨ ਵਾਲਾ ਮੀਡੀਆ ਖਾਸ ਕਰਕੇ ਸੁਪਰੀਮ ਕੋਰਟ ਅਤੇ ਲੋਕਤੰਤਰ ਦੀ ਅਸਲੀ ਤਾਕਤ ਹਨ। ਇਸ ਦੌਰਾਨ ਸੂਤਰਾਂ ਨੇ ਕਿਹਾ ਕਿ ਪੰਜ ਮੈਂਬਰੀ ਕੌਲੀਜਿਅਮ ਨੇ ਤਿੰਨ ਮਹਿਲਾ ਜੱਜਾਂ ਦੇ ਨਾਮ ਵੀ ਕੇਂਦਰ ਨੂੰ ਭੇਜੇ ਹਨ ਜਿਨ੍ਹਾਂ ’ਚ ਕਰਨਾਟਕ ਹਾਈ ਕੋਰਟ ਦੀ ਜਸਟਿਸ ਬੀ ਵੀ ਨਾਗਰਤਨਾ ਸ਼ਾਮਲ ਹਨ ਜੋ ਭਾਰਤ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਵੀ ਬਣ ਸਕਦੇ ਹਨ। ਜਾਣਕਾਰੀ ਮੁਤਾਬਕ ਦੋ ਹੋਰ ਚੁਣੀਆਂ ਗਈਆਂ ਮਹਿਲਾ ਜੱਜਾਂ ’ਚ ਤਿਲੰਗਾਨਾ ਹਾਈ ਕੋਰਟ ਦੀ ਚੀਫ਼ ਜਸਟਿਸ ਹਿਮਾ ਕੋਹਲੀ ਅਤੇ ਗੁਜਰਾਤ ਹਾਈ ਕੋਰਟ ਦੀ ਜੱਜ ਬੇਲਾ ਤ੍ਰਿਵੇਦੀ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਕੌਲਿਜੀਅਮ ਨੇ ਸੀਨੀਅਰ ਵਕੀਲ ਅਤੇ ਸਾਬਕਾ ਵਧੀਕ ਸੌਲੀਸਿਟਰ ਜਨਰਲ ਪੀ ਐੱਸ ਨਰਸਿਮਹਾ ਨੂੰ ਬਾਰ ਤੋਂ ਸਿੱਧੀ ਨਿਯੁਕਤੀ ਲਈ ਚੁਣਿਆ ਗਿਆ ਹੈ। ਸੂਤਰਾਂ ਮੁਤਾਬਕ ਹੋਰ ਨਾਵਾਂ ’ਚ ਜਸਟਿਸ ਅਭੈ ਸ੍ਰੀਨਿਵਾਸ ਓਕਾ (ਚੀਫ਼ ਜਸਟਿਸ, ਕਰਨਾਟਕ ਹਾਈ ਕੋਰਟ), ਵਿਕਰਮ ਨਾਥ (ਚੀਫ਼ ਜਸਟਿਸ, ਗੁਜਰਾਤ ਹਾਈ ਕੋਰਟ), ਜਿਤੇਂਦਰ ਕੁਮਾਰ ਮਹੇਸ਼ਵਰੀ (ਚੀਫ਼ ਜਸਟਿਸ, ਸਿੱਕਿਮ ਹਾਈ ਕੋਰਟ), ਸੀ ਟੀ ਰਵੀ ਕੁਮਾਰ ਅਤੇ ਐੱਮ ਐੱਮ ਸੁੰਦਰੇਸ਼ (ਦੋਵੇਂ ਜੱਜ, ਕੇਰਲਾ ਹਾਈ ਕੋਰਟ) ਸ਼ਾਮਲ ਹਨ। ਜੇਕਰ ਕੇਂਦਰ ਇਨ੍ਹਾਂ ਸਿਫਾਰਸ਼ਾਂ ਨੂੰ ਮੰਨ ਲੈਂਦਾ ਹੈ ਤਾਂ ਇਸ ਨਾਲ ਸੁਪਰੀਮ ਕੋਰਟ ’ਚ ਜੱਜਾਂ ਦੇ ਖਾਲੀ ਪੲੇ ਸਾਰੇ 33 ਅਹੁਦੇ ਭਰ ਲਏ ਜਾਣਗੇ।