ਸ੍ਰੀਨਗਰ-ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਦੇ ਨਤੀਜਿਆਂ ’ਚ ਸ਼ੁਰੂਆਤੀ ਰੁਝਾਨਾਂ ਵਿਚ ਐੱਨਸੀ-ਕਾਂਗਰਸ ਗੱਠਜੋੜ ਨੂੰ ਮਿਲੀ ਮਜ਼ਬੂਤ ਬੜ੍ਹਤ ਮਗਰੋਂ ਅੱਜ ਜ਼ੋਰ ਦੇ ਕੇ ਆਖਿਆ ਕਿ ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਵਿਚ ਕਿਸੇ ਤਰ੍ਹਾਂ ਦਾ ‘ਛਲ’ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਰਾਜ ਭਵਨ ਕਿਸੇ ਤਰ੍ਹਾਂ ਦਾ ਕੋਈ ‘ਹਥਕੰਡਾ’ ਨਾ ਅਪਣਾਏ। ਅਬਦੁੱਲਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਜੋ ਕੁਝ ਵੀ ਹੋਵੇ ਉਹ ਪਾਰਦਰਸ਼ੀ ਢੰਗ ਨਾਲ ਹੋਣਾ ਚਾਹੀਦਾ ਹੈ। ਲੋਕਾਂ ਦੇ ਫ਼ਤਵੇ ਨਾਲ ਕਿਸੇ ਤਰ੍ਹਾਂ ਦਾ ਛਲ ਨਾ ਕੀਤਾ ਜਾਵੇ। ਜੇ ਫ਼ਤਵਾ ਭਾਜਪਾ ਦੇ ਖਿਲਾਫ਼ ਹੈ ਤਾਂ ਉਹ ਕਿਸੇ ਤਰ੍ਹਾਂ ਦੇ ਹੱਥਕੰਡੇ ਜਾਂ ਜੁਗਾੜ ਵਿਚ ਨਾ ਪਏ।’’ ਅਬਦੁੱਲਾ ਨੇ ਕਿਹਾ, ‘‘ਰਾਜ ਭਵਨ ਤੇ ਕੇਂਦਰ ਸਰਕਾਰ ਨੂੰ ਲੋਕਾਂ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ ਜਿਵੇਂ ਸੰਸਦੀ ਚੋਣਾਂ ਦੌਰਾਨ ਅਸੀਂ ਕੀਤਾ ਸੀ।’’ ਨੈਸ਼ਨਲ ਕਾਨਫਰੰਸ ਆਗੂ ਨੇ ਐਤਕੀ ਦੋ ਅਸੈਂਬਲੀ ਹਲਕਿਆਂ ਗੰਦਰਬਲ ਤੇ ਬਡਗਾਮ ਤੋਂ ਚੋਣ ਲੜੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਜਿੱਤਣ ਦੀ ਪੂਰੀ ਆਸ ਹੈ, ਬਾਕੀ ਸਭ ਅੱਲ੍ਹਾ ਦੇ ਹੱਥ ਵਿਚ ਹੈ। ਅਸਲ ਤਸਵੀਰ ਬਾਅਦ ਦੁਪਹਿਰ ਸਾਫ਼ ਹੋਵੇਗੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਕੀ ਫੈਸਲਾ ਕੀਤਾ ਹੈ।
ਭਾਜਪਾ ਕੋਈ ‘ਹੱਥਕੰਡਾ’ ਨਾ ਅਪਣਾਏ, ਐੱਨਸੀ-ਕਾਂਗਰਸ ਗੱਠਜੋੜ ਨੂੰ ਜਿੱਤ ਦੀ ਆਸ, ਬਾਕੀ ਸਭ ਅੱਲ੍ਹਾ ਦੇ ਹੱਥ: ਉਮਰ ਅਬਦੁੱਲਾ
