ਬਰੇਲੀ – ਨੇਪਾਲੀ ਸਮੱਗਲਰ ਪੀਲੀਭੀਤ ਦੇ ਰਸਤੇ ਬਰੇਲੀ ਮੰਡਲ ਵਿਚ ਨਕਲੀ ਨੋਟ ਚਲਾ ਰਹੇ ਹਨ। ਅਰਥਚਾਰੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਹ ਗਿਰੋਹ ਪੰਜ ਹਜ਼ਾਰ ਰੁਪਏ ਦੇ ਬਦਲੇ 50 ਹਜ਼ਾਰ ਦੇ ਨਕਲੀ ਨੋਟ ਦਿੰਦਾ ਹੈ। ਸ਼ਾਹਜਹਾਂਪੁਰ ਦੇ ਵਪਾਰੀ ਪਿਤਾ, ਪੁੱਤਰ ਤੇ ਇਕ ਦੋਸਤ ਨੇ ਮੁਨਾਫ਼ਾ ਕਮਾਉਣ ਲਈ ਇਹੀ ਰਸਤਾ ਫੜਿਆ ਸੀ ਪਰ ਇਨ੍ਹਾਂ ਦੀ ਪੋਲ ਖੁੱਲ੍ਹ ਗਈ। ਇਨ੍ਹਾਂ ਵਿੱਚੋਂ ਇਕ ਜਣੇ ਨੂੰ ਦੁਕਾਨਦਾਰਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਫ਼ਰਾਰ ਪਿਤਾ ਤੇ ਪੁੱਤਰ ਦੀ ਭਾਲ ਵਿਚ ਐਤਵਾਰ ਨੂੰ ਕਈ ਥਾਈਂ ਛਾਪੇ ਮਾਰੇ ਗਏ ਪਰ ਹੱਥ ਨਹੀਂ ਲੱਗੇ।
ਫੜਿਆ ਗਿਆ ਮੁਲਜ਼ਮ ਵਿਵੇਕ ਮੌਰੀਆ ਸ਼ਾਹਜਹਾਂਪੁਰ ਵਿਚ ਰਹਿੰਦਾ ਹੈ। ਉਸ ਨੂੰ ਜੂਨ ਮਹੀਨੇ ਦੌਰਾਨ ਨਕਲੀ ਨੋਟ ਚਲਾਉਣ ਦੇ ਦੋਸ਼ ਵਿਚ ਜੇਲ੍ਹ ਭੇਜਿਆ ਗਿਆ ਸੀ। 27 ਸਤੰਬਰ ਨੂੰ ਜ਼ਮਾਨਤ ’ਤੇ ਛੁੱਟਿਆ ਤਾਂ ਫਿਰ ਤੋਂ ਇਹੀ ਰਸਤਾ ਫੜ ਲਿਆ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ 29 ਸਤੰਬਰ ਨੂੰ ਸ਼ਾਹਜਹਾਂਪੁਰ ਵਿਚ ਟਾਇਰ ਵਪਾਰੀ ਰਵੀ ਤੇ ਉਸ ਦੇ ਪੁੱਤਰ ਅਯੂਸ਼ ਨਾਲ ਮੁਲਾਕਾਤ ਹੋਈ ਸੀ। ਪਹਿਲਾਂ ਵੀ ਜਾਣ ਪਹਿਚਾਣ ਹੋਣ ਕਾਰਨ ਰਵੀ ਦੱਸ ਰਿਹਾ ਸੀ ਕਿ ਨੇਪਾਲ ਦੇ ਮਹੇਂਦਰਗੜ੍ਹ ਵਿਚ ਨਕਲੀ ਨੋਟ ਵੇਚਣ ਵਾਲਿਆਂ ਦੇ ਸੰਪਰਕ ਵਿਚ ਹੈ। ਇਸ ਤੋਂ ਬਾਅਦ ਪਿਛਲੇ ਹਫ਼ਤੇ ਤਿੰਨੇਂ ਮੁਲਜ਼ਮ ਬੱਸ ਤੋਂ ਪੀਲੀਭੀਤ ਹੋ ਕੇ ਨੇਪਾਲ ਪੁੱਜੇ ਸਨ। ਉਥੇ ਰਵੀ ਦੇ ਪੁਰਾਣੇ ਵਾਕਫ਼ ਨੇ ਉਸ ਨੂੰ ਨਕਲੀ ਨੋਟ ਸੌਂਪੇ ਤੇ ਪਰਤ ਗਿਆ।
ਸ਼ਾਹਜਹਾਂਪੁਰ ਆਉਣ ਮਗਰੋਂ ਤਿੰਨਾਂ ਜਣਿਆਂ ਨੇ ਨਕਲੀ ਨੋਟਾਂ ਦੀ ਵੰਡ ਕੀਤੀ। ਇਸ ਮਗਰੋਂ ਛੋਟੀਆਂ ਦੁਕਾਨਾਂ ’ਤੇ ਚਲਾਉਣ ਲੱਗ ਪਏ। ਸ਼ਨੀਵਾਰ ਸ਼ਾਮ ਨੂੰ ਬਰੇਲੀ ਦੀ ਡੇਲਾਪੀਰ ਮੰਡੀ ਵਿਚ 100 ਰੁਪਏ ਦੀ ਸਬਜ਼ੀ ਦੇ ਬਦਲੇ 500 ਰੁਪਏ ਦਾ ਨਕਲੀ ਨੋਟ ਦੇ ਦਿੱਤਾ। ਅਣਜਾਣ ਦੁਕਾਨਦਾਰ ਨੇ ਉਸ ਨੂੰ 400 ਰੁਪਏ ਮੋੜ ਦਿੱਤੇ। ਇਵੇਂ ਹੀ ਹੋਰ ਦੁਕਾਨਦਾਰਾਂ ਤੋਂ ਖ਼ਰੀਦਦਾਰੀ ਕੀਤੀ ਪਰ ਇਕ ਦੁਕਾਨਦਾਰ ਨੇ ਨਕਲੀ ਨੋਟ ਪਛਾਣ ਕੇ ਪੁਲਿਸ ਮੁਲਾਜ਼ਮ ਸੱਦ ਲਏ। ਇੰਸਪੈਕਟਰ ਧਨੰਜੇ ਪਾਂਡੇ ਦੱਸਦਾ ਹੈ ਕਿ ਵਿਵੋਕ ਮੌਰੀਆ ਤਾਂ ਮੌਕੇ ਤੋਂ ਫੜ ਲਿਆ ਗਿਆ ਹੈ। ਜਦੋਂ ਉਸ ਦੀ ਤਲਾਸ਼•ੀ ਲਈ ਉਸ ਦੀ ਜੇਬ ਵਿਚੋਂ ਹੋਰ ਨੋਟ ਵੀ ਬਰਾਮਦ ਹੋਏ। ਬਾਕੀ ਦੋ ਜਣੇ ਨਕਲੀ ਨੋਟ ਲੈ ਕੇ ਭੱਜ ਗਏ ਹਨ।